ਜੰਮੂ, 25 ਜੂਨ
ਸੁਰੱਖਿਆ ਬਲਾਂ ਨੇ ਅਮਰਨਾਥ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਜੰਮੂ ਕਸ਼ਮੀਰ ’ਚ ਕੌਮਾਂਤਰੀ ਸਰਹੱਦ ਦੇ ਨਾਲ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਤਲਾਸ਼ੀ ਮੁਹਿੰਮ ਦਾ ਮਕਸਦ ਸਰਹੱਦ ਪਾਰੋਂ ਸੁਰੰਗਾਂ ਦਾ ਪਤਾ ਲਾਉਣਾ ਅਤੇ ਅਤਿਵਾਦੀਆਂ ਦੀਆਂ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਰੋਕਣਾ ਸੀ। ਇਹ ਤਲਾਸ਼ੀ ਮੁਹਿੰਮ ਪੁਲੀਸ, ਸੀਆਰਪੀਐੱਫ ਅਤੇ ਬੀਐੱਸਐੱਫ ਵੱਲੋਂ ਸਾਂਝੇ ਤੌਰ ’ਤੇ ਸਾਂਬਾ, ਕਠੂਆ ਅਤੇ ਜੰਮੂ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ’ਚ ਚਲਾਈ ਗਈ। ਉਧਰ ਇਕ ਫ਼ੌਜ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਅਮਰਨਾਥ ਯਾਤਰਾ ’ਤੇ ਦਹਿਸ਼ਤੀ ਹਮਲੇ ਦਾ ਜ਼ਿਆਦਾ ਖ਼ਤਰਾ ਹੈ। ਸੰਭਾਵੀ ਹਮਲੇ ਦੀਆਂ ਖ਼ੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਯਾਤਰਾ ਦੀ ਸੁਰੱਖਿਆ ਲਈ ਤਿੰਨ ਤੋਂ ਚਾਰ ਗੁਣਾ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਰੱਖਿਆ ਲਈ ਡਰੋਨਾਂ ਅਤੇ ਆਰਐੱਫਆਈਡੀ ਚਿੱਪਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ। 43 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣੀ ਹੈ।
ਸਾਂਬਾ ਦੇ ਡੀਐੱਸਪੀ (ਅਪਰੇਸ਼ਨਸ) ਜੀ ਆਰ ਭਾਰਦਵਾਜ ਨੇ ਕਿਹਾ,‘‘ਵੱਖ ਵੱਖ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਯਾਤਰਾ ’ਚ ਅੜਿੱਕਾ ਡਾਹੁਣ ਲਈ ਸਰਹੱਦ ਪਾਰੋਂ ਅਤਿਵਾਦੀਆਂ ਵੱਲੋਂ ਘੁਸਪੈਠ ਦੀ ਯੋਜਨਾ ਬਣਾਈ ਜਾ ਰਹੀ ਹੈ। ਅਸੀਂ ਦਹਿਸ਼ਤਗਰਦਾਂ ਦੀ ਕਿਸੇ ਵੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਇਲਾਕਿਆਂ ’ਚ ਗਸ਼ਤ, ਤਲਾਸ਼ੀ ਮੁਹਿੰਮ ਅਤੇ ਰਾਤ ਨੂੰ ਚੌਕਸੀ ਵਧਾ ਦਿੱਤੀ ਹੈ।’’ ਸਾਂਝੀ ਤਲਾਸ਼ੀ ਮੁਹਿੰਮ ਦੀ ਅਗਵਾਈ ਕਰ ਰਹੇ ਸ੍ਰੀ ਭਾਰਦਵਾਜ ਨੇ ਦੱਸਿਆ ਕਿ ਸੁਚੇਤਗੜ੍ਹ ਸਰਹੱਦ ਤੋਂ ਰੀਗਲ ਤੱਕ ਦੇ 8 ਕਿਲੋਮੀਟਰ ਦੇ ਇਲਾਕੇ ’ਚ ਸੁਰੰਗਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਖ਼ਦਸ਼ਾ ਹੈ ਕਿ ਅਤਿਵਾਦੀ ਸਰਹੱਦ ਪਾਰੋਂ ਸੁਰੰਗਾਂ ਪੁੱਟ ਕੇ ਵਾਦੀ ਅੰਦਰ ਦਾਖ਼ਲ ਹੋ ਸਕਦੇ ਹਨ। -ਪੀਟੀਆਈ
ਜੰਮੂ ਕਸ਼ਮੀਰ: ਘੁਸਪੈਠ ਲਈ 150 ਅਤਿਵਾਦੀ ਤਿਆਰ
ਸ੍ਰੀਨਗਰ: ਜੰਮੂ ਕਸ਼ਮੀਰ ’ਚ ਘੁਸਪੈਠ ਲਈ ਕਰੀਬ 150 ਅਤਿਵਾਦੀ ਕੰਟਰੋਲ ਰੇਖਾ ਪਾਰ ਤਿਆਰ ਬੈਠੇ ਹਨ ਜਦਕਿ 500 ਤੋਂ 700 ਹੋਰ ਅਤਿਵਾਦੀਆਂ ਨੂੰ 11 ਦਹਿਸ਼ਤੀ ਕੈਂਪਾਂ ’ਚ ਸਿਖਲਾਈ ਦਿੱਤੀ ਜਾ ਰਹੀ ਹੈ। ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਵੱਲੋਂ ਵਾਦੀ ’ਚ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ ਹੈ। ਆਪਣਾ ਨਾਮ ਦੱਸੇ ਬਿਨਾਂ ਅਧਿਕਾਰੀ ਨੇ ਕਿਹਾ ਕਿ ਕੰਟਰੋਲ ਰੇਖਾ ਪਾਰ ਮਾਨਸ਼ੇਰਾ, ਕੋਟਲੀ ਅਤੇ ਮੁਜ਼ੱਫਰਾਬਾਦ ਦੇ ਅਤਿਵਾਦੀ ਕੈਂਪਾਂ ’ਚ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਸ ਮੁਤਾਬਕ ਇਸ ਵਰ੍ਹੇ ਕੰਟਰੋਲ ਰੇਖਾ ਤੋਂ ਕੋਈ ਵੀ ਘੁਸਪੈਠ ਨਹੀਂ ਹੋਈ ਹੈ ਕਿਉਂਕਿ ਇਕ ਵਿਸ਼ੇਸ਼ ਜਥੇਬੰਦੀ ਦਾ ਬਾਂਦੀਪੋਰਾ ਅਤੇ ਸੋਪੋਰ ’ਚ ਖ਼ਾਤਮਾ ਕਰ ਦਿੱਤਾ ਗਿਆ ਹੈ। ਫ਼ੌਜ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਵੱਲੋਂ ਹੁਣ ਘੁਸਪੈਠ ਦੇ ਹੋਰ ਰੂਟਾਂ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। -ਪੀਟੀਆਈ