ਨਵੀਂ ਦਿੱਲੀ: ਸੁਪਰੀਮ ਕੋਰਟ ਨੇ ‘ਸੇਬੀ’ ਨੂੰ ਕਿਹਾ ਹੈ ਕਿ ਉਹ ਐੱਨਡੀਟੀਵੀ ਦੇ ਪ੍ਰਮੋਟਰਾਂ ਪ੍ਰਣੌਏ ਰੌਏ ਤੇ ਰਾਧਿਕਾ ਰੌਏ ਖ਼ਿਲਾਫ਼ 3 ਸਤੰਬਰ ਤੱਕ ਉਨ੍ਹਾਂ ਦੀਆਂ ਅਰਜ਼ੀਆਂ ’ਤੇ ਸੁਣਵਾਈ ਤੱਕ ਕੋਈ ਸਖ਼ਤ ਕਦਮ ਨਾ ਉਠਾਏ। ਕਰਜ਼ ਸਮਝੌਤਿਆਂ ਬਾਰੇੇ ਜਾਣਕਾਰੀ ਛਿਪਾਉਣ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਪ੍ਰਣੌਏ ਤੇ ਰਾਧਿਕਾ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ। ਚੀਫ਼ ਜਸਟਿਸ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਸੇਬੀ ਦੀ ਬੇਨਤੀ ’ਤੇ ਐੱਨਡੀਟੀਵੀ ਪ੍ਰਮੋਟਰਾਂ ਦੀਆਂ ਅਰਜ਼ੀਆਂ ’ਤੇ ਸੁਣਵਾਈ ਅਗਲੇ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ। ਸੇਬੀ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਬੈਂਚ ਨੇ ਕਿਹਾ ਕਿ ਉਹ ਕੇਸ ਨੂੰ ਮੁਲਤਵੀ ਕਰ ਰਹੇ ਹਨ ਪਰ ਉਦੋਂ ਤੱਕ ਕੋਈ ਸਖ਼ਤ ਕਦਮ ਨਾ ਉਠਾਇਆ ਜਾਵੇ। ਬੈਂਚ ਨੇ ਪ੍ਰਣੌਏ ਅਤੇ ਰਾਧਿਕਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਹਤਗੀ ਤੋਂ ਸਕਿਉਰਿਟੀਜ਼ ਅਪੀਲ ਟ੍ਰਿਬਿਊਨਲ (ਐੱਸਏਟੀ) ’ਚ ਐੱਨਡੀਟੀਵੀ ਦੇ ਪ੍ਰਮੋਟਰਾਂ ਵੱਲੋਂ ਪਾਈ ਗਈ ਅਰਜ਼ੀ ਬਾਰੇ ਜਾਣਕਾਰੀ ਮੰਗੀ। ਸ੍ਰੀ ਰੋਹਤਗੀ ਨੇ ਕਿਹਾ ਕਿ ਟ੍ਰਿਬਿਊਨਲ ਦਾ ਤੀਜਾ ਮੈਂਬਰ ਨਾ ਹੋਣ ਕਾਰਨ ਅਪੀਲ ’ਤੇ ਸੁਣਵਾਈ ਰੁਕੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਜੁਰਮਾਨਾ ਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੇਬੀ ਨੇ ਆਪਣੀ ਜਾਂਚ ’ਚ ਪਾਇਆ ਹੈ ਕਿ ਐੱਨਡੀਟੀਵੀ ਦੇ ਦੋਵੇਂ ਪ੍ਰਮੋਟਰਾਂ ਨੇ ਗਲਤ ਤਰੀਕੇ ਨਾਲ ਲਾਭ ਕਮਾਇਆ ਹੈ। -ਪੀਟੀਆਈ