ਕੰਨੂਰ(ਕੇਰਲਾ), 6 ਅਪਰੈਲ
ਸੀਪੀਆਈ(ਐੱਮ) ਦੇ ਅੱਜ ਤੋਂ ਸ਼ੁਰੂ ਹੋਈ ਕਾਨਫਰੰਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸਾਰੀਆਂ ਧਰਮ-ਨਿਰਪੱਖ ਤਾਕਤਾਂ ਨੂੰ ਭਾਜਪਾ ਦੇ ਟਾਕਰੇ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਧਰ ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਖੱਬੀਆਂ ਪਾਰਟੀਆਂ ਨੂੰ ਆਰਐੱਸਐੱਸ ਦਾ ਢੁੱਕਵਾਂ ਬਦਲ ਦੱਸਿਆ। ਕਾਨਫਰੰਸ ਦਾ ਉਦਘਾਟਨ ਕਰਦਿਆਂ ਯੇਚੁਰੀ ਨੇ ਕੰਮਕਾਜੀ ਜਮਾਤ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਨੂੰ ਪਾਰ ਪਾਉਣ ਲਈ ਖੱਬੀਆਂ ਪਾਰਟੀਆਂ ਦੇ ਮਿਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਯੇਚੁਰੀ ਨੇ ਕਿਹਾ, ‘‘ਮੌਜੂਦਾ ਹਾਲਾਤ ਦੇ ਸੰਦਰਭ ਵਿੱਚ ਖੱਬੀਆਂ ਪਾਰਟੀਾਂ ਦੇ ਮਿਲ ਕੇ ਕੰਮ ਕਰਨ ਨਾਲ ਖੱਬੇਪੱਖੀ ਇਕਜੁੱਟਤਾ ਨੂੰ ਮਜ਼ਬੂਤੀ ਮਿਲੇਗੀ ਤੇ ਇਹ ਕੰਮਕਾਜੀ ਲੋਕਾਂ, ਧਰਮ-ਨਿਰਪੱਖ ਜਮਹੂਰੀ ਭਾਰਤੀ ਗਣਰਾਜ ਤੇ ਇਸ ਦੇ ਸੰਵਿਧਾਨਕ ਹੁਕਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਨੂੰ ਪਾਰ ਪਾਉਣ ਲਈ ਵੀ ਬਹੁਤ ਅਹਿਮ ਹੈ।’’ ਯੇਚੁਰੀ ਨੇ ਕਿਹਾ, ‘‘ਸੀਪੀਐੱਮ ਸਾਰੀਆਂ ਖੱਬੀਆਂ, ਧਰਮ-ਨਿਰਪੱਖ ਜਮਹੂਰੀ ਤਾਕਤਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਕੱਠੀਆਂ ਹੋਣ ਤਾਂ ਕਿ ਭਾਜਪਾ ਨੂੰ ਭਾਂਝ ਦਿੱਤੀ ਜਾ ਸਕੇ।’’ ਉਨ੍ਹਾਂ ਕਾਂਗਰਸ ਤੇ ਹੋਰਨਾਂ ਖੇਤਰੀ ਪਾਰਟੀਆਂ ਨੂੰ ਆਪਣੇ ਕੇਡਰ ਨੂੰ ਥਾਂ ਟਿਕਾਣੇ ਸਿਰ ਰੱਖਣ ਦੀ ਅਪੀਲ ਵੀ ਕੀਤੀ। ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜੈਯਨ ਨੇ ਕਾਨਫਰੰਸ ਲਈ ਆਏ ਸਾਰੇ ਵਫ਼ਦਾਂ ਤੇ ਹੋਰਨਾਂ ਪਾਰਟੀ ਆਗੂਆਂ ਦਾ ਸਵਾਗਤ ਕੀਤਾ। ਕਾਨਫਰੰਸ ਵਿੱਚ 811 ਡੈਲੀਗੇਟ ਸ਼ਾਮਲ ਹੋਏ। -ਪੀਟੀਆਈ