ਨਵੀਂ ਦਿੱਲੀ, 1 ਨਵੰਬਰ
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਧਰਮ ਨਿਰਪੱਖਤਾ ਭਾਰਤ ਵਿਚ ਸਿਧਾਂਤਕ ਤੌਰ ਅਤੇ ਅਭਿਆਸ ਵਜੋਂ ‘ਖ਼ਤਰੇ’ ਵਿਚ ਹੈ। ਥਰੂਰ ਨੇ ਕਿਹਾ ਕਿ ਸੱਤਾਧਾਰੀ ਧਿਰ ਸੰਵਿਧਾਨ ਵਿਚੋਂ ਇਸ ਸ਼ਬਦ ਨੂੰ ਮਿਟਾਉਣ ਤੱਕ ਵੀ ਜਾ ਸਕਦੀ ਹੈ। ਪਰ ਉਨ੍ਹਾਂ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ‘ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ’ ਮੁਲਕ ਦੇ ਧਰਮ ਨਿਰਪੱਖ ਕਿਰਦਾਰ ਨਾਲ ਛੇੜਛਾਣ ਨਹੀਂ ਕਰ ਸਕਦੀਆਂ। ਆਪਣੀ ਕਿਤਾਬ ‘ਦੀ ਬੈਟਲ ਆਫ਼ ਬਿਲੌਂਗਿੰਗ’ ਬਾਰੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ ਕਿ ਧਰਮ ਨਿਰਪੱਖਤਾ ਕੇਵਲ ਇਕ ਸ਼ਬਦ ਹੀ ਹੈ ਅਤੇ ਜੇਕਰ ਸਰਕਾਰ ਇਸ ਨੂੰ ਸੰਵਿਧਾਨ ਵਿਚੋਂ ਕੱਢ ਵੀ ਦੇਵੇਗੀ ਤਾਂ ਵੀ ਸੰਵਿਧਾਨ ਆਪਣੇ ਮੁੱਢਲੇ ਢਾਂਚੇ ਕਰ ਕੇ ਧਰਮ ਨਿਰਪੱਖ ਹੀ ਰਹੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਪਾਰਟੀ ‘ਭਾਜਪਾ ਵਬਗੀ’ ਬਣਨ ਦਾ ਜੋਖ਼ਮ ਨਹੀਂ ਲੈ ਸਕਦੀ ਕਿਉਂਕਿ ਇਸ ਤਰ੍ਹਾਂ ਇਹ ‘ਕਾਂਗਰਸ ਜ਼ੀਰੋ’ ਵੀ ਬਣ ਸਕਦੀ ਹੈ। ਥਰੂਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਸਿਆਸੀ ਸੰਦੇਸ਼ਾਂ ਦਾ ਹਲਕਾ ਰੂਪ ਪੇਸ਼ ਨਹੀਂ ਕਰ ਰਹੀ ਸੀ ਤੇ ਕਾਂਗਰਸ ਵਿਚ ਧਰਮ ਨਿਰਪੱਖਤਾ ਕਾਫ਼ੀ ਹੱਦ ਤੱਕ ‘ਜਿਊਂਦੀ ਤੇ ਚੰਗੀ’ ਹੈ। ਕਾਂਗਰਸ ਵੱਲੋਂ ਨਰਮ ਹਿੰਦੂਤਵ ਵਿਚਾਰਧਾਰਾ ਦੇ ਪ੍ਰਸਾਰ ਬਾਰੇ ਪੁੱਛੇ ਜਾਣ ’ਤੇ ਥਰੂਰ ਨੇ ਕਿਹਾ ਕਿ ਕੁਝ ਆਜ਼ਾਦ ਖ਼ਿਆਲ ਭਾਰਤੀਆਂ ਦੇ ਫ਼ਿਕਰਾਂ ਬਾਰੇ ਉਹ ਜਾਣਦੇ ਹਨ ਪਰ ‘ਅਸੀਂ ਕਾਂਗਰਸ ਪਾਰਟੀ ਵਿਚ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਖ਼ੁਦ ਨੂੰ ਭਾਜਪਾ ਦੇ ਹਲਕੇ ਰੂਪ ਵਿਚ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।’ ਸ਼ਸ਼ੀ ਥਰੂਰ ਨੇ ਹਿੰਦੂਵਾਦ ਤੇ ਹਿੰਦੂਤਵ ਵਿਚ ਲਕੀਰ ਖਿੱਚਦਿਆਂ ਕਿਹਾ ਕਿ ‘ਸਾਡਾ ਮੰਨਣਾ ਹੈ ਕਿ ਹਿੰਦੂਵਾਦ ਵਿਚ ਅਸੀਂ ਰਲ-ਮਿਲ ਕੇ ਚੱਲਣ ਦਾ ਸਤਿਕਾਰ ਕਰਦੇ ਹਾਂ ਤੇ ਨਿਤਾਰਾ ਨਹੀਂ ਕਰਦੇ ਜਦਕਿ ਹਿੰਦੂਤਵ ਇਕ ਸਿਆਸੀ ਸਿਧਾਂਤ ਹੈ। -ਪੀਟੀਆਈ