ਨਵੀਂ ਦਿੱਲੀ: ਇੱਥੇ ਅੱਜ ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ ਵਿੱਚ ਈਦ ਤੋਂ ਪਹਿਲਾਂ ਆਖ਼ਰੀ ਜੁੰਮੇ ਦੀ ਨਮਾਜ਼ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਤਰ-ਪੱਛਮੀ ਪੁਲੀਸ ਦੀ ਡਿਪਟੀ ਕਮਿਸ਼ਨਰ ਊੁਸ਼ਾ ਰੰਗਨਾਨੀ ਨੇ ਕਿਹਾ ਕਿ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ ਅਤੇ ਲੋੜੀਂਦੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਦਿੱਲੀ ਦੇ ਉੱਤਰ ਪੱਛਮੀ ਇਲਾਕੇ ਵਿੱਚ 16 ਅਪਰੈਲ ਨੂੰ ਹਨੂੰਮਾਨ ਜੈਅੰਤੀ ਸਬੰਧੀ ਕੱਢੇ ਗਏ ਮਾਰਚ ਦੌਰਾਨ ਹਿੰਦੂ ਅਤੇ ਮੁਸਲਿਮ ਸਮੂਹਾਂ ਦੀ ਆਪਸ ਵਿੱਚ ਝੜਪ ਹੋ ਗਈ ਸੀ, ਜਿਸ ਦੌਰਾਨ ਅੱਠ ਪੁਲੀਸ ਮੁਲਾਜ਼ਮ ਅਤੇ ਇੱਕ ਸਥਾਨਕ ਵਾਸੀ ਜ਼ਖ਼ਮੀ ਹੋ ਗਿਆ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਇਲਾਕੇ ਵਿੱਚ ਦੁਕਾਨਾਂ ਬੰਦ ਕਰਨ ਲਈ ਕੋਈ ਨਿਰਦੇਸ਼ ਨਹੀਂ ਦਿੱਤਾ ਹੈ। -ਪੀਟੀਆਈ