ਨਵੀਂ ਦਿੱਲੀ, 7 ਜਨਵਰੀ
ਮਾਹਿਰਾਂ ਨੇ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਸੰਨ੍ਹ ਨੂੰ ਵੀਵੀਆਈਪੀਜ਼ ਦੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਵਿੱਚ ‘ਤਾਲਮੇਲ ਦੀ ਘਾਟ ਦੀ ਉੱਤਮ ਮਿਸਾਲ’ ਕਰਾਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਕੁਤਾਹੀ ਲਈ ਸਬੰਧਤਾਂ ਦੀ ਜ਼ਿੰਮੇਵਾਰੀ ਤੇ ਜੁਆਬਦੇਹੀ ਤੈਅ ਕਰਨ ਲਈ ਕਾਨੂੰਨ ਵਿਚਲੀਆਂ ਵਿਵਸਥਾਵਾਂ ਤਹਿਤ ਹੀ ਸਿਫਾਰਸ਼ ਕੀਤੀ ਜਾਂਦੀ ਹੈ।
ਐੱਨਐੱਸਜੀ ਦੇ ਸਾਬਕਾ ਡਾਇਰੈਕਟਰ ਜਨਰਲ ਸੁਦੀਪ ਲਖਟਕੀਆ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਸਾਡੇ ਮੁਲਕ ਵਰਗੇ ਸੰਘੀ ਢਾਂਚੇ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮੁਕੰਮਲ ਤਾਣਾ-ਬਾਣਾ ਸੂਬਾਈ ਪੁਲੀਸ ਤੇ ਐੱਸਪੀਜੀ ਦਰਮਿਆਨ ਆਪਸੀ ਭਰੋਸੇ ਤੇ ਵਿਸ਼ਵਾਸ ਦੇ ਰਿਸ਼ਤੇ ’ਤੇ ਟਿਕਿਆ ਹੈ। ਪ੍ਰਧਾਨ ਮੰਤਰੀ ਦੀ ਫੇਰੀ ਲਈ ਸੁਰੱਖਿਅਤ ਰੂਟ ਯਕੀਨੀ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਸੂਬਾਈ ਪੁਲੀਸ ਦੀ ਹੁੰਦੀ ਹੈ।’’ ਵੀਆਈਪੀ ਸੁਰੱਖਿਆ ਲਈ ਕੰਮ ਕਰ ਰਹੇ ਤੇ ਇਲੀਟ ਸੁੁਰੱਖਿਆ ਟੀਮ ਦਾ ਹਿੱਸਾ ਰਹੇ ਸਾਬਕਾ ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸੁਰੱਖਿਆ ’ਚ ਕੁਤਾਹੀ ਐੱਸਪੀਜੀ, ਸੂਬਾ ਪੁਲੀਸ ਤੇ ਇੰਟੈਲੀਜੈਂਸ ਏਜੰਸੀਆਂ ਦਰਮਿਆਨ ‘ਤਾਲਮੇਲ ਦੀ ਘਾਟ ਦੀ ਉੱਤਮ ਮਿਸਾਲ ਹੈ।’ ਉਨ੍ਹਾਂ ਕਿਹਾ ਕਿ ਐੱਸਪੀਜੀ ਐਕਟ ਕੁਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਿਸੇ ਸਜ਼ਾ ਦੀ ਗੱਲ ਨਹੀਂ ਕਰਦਾ, ਪਰ ਇੰਨਾ ਜ਼ਰੂਰ ਕਹਿੰਦਾ ਹੈ ਕਿ ਹਰ ਸਰਕਾਰੀ ਜਾਂ ਸਿਵਲ ਅਥਾਰਿਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪੀਐੱਮ ਦੀ ਸੁਰੱਖਿਆ ਟੀਮ ਵਜੋਂ ਮਦਦਗਾਰ ਹੋਵੇ। ਯੂਪੀ ਦੇ ਸਾਬਕਾ ਡੀਜੀਪੀ ਓ.ਪੀ.ਸਿੰਘ, ਜਿਨ੍ਹਾਂ ਕੁਝ ਸਮਾਂ ਐੱਸਪੀਜੀ ਲਈ ਵੀ ਕੰਮ ਕੀਤਾ ਹੈ, ਨੇ ਕਿਹਾ ਕਿ ‘ਐੱਸਪੀਜੀ, ਇੰਟੈਲੀਜੈਂਸ ਏਜੰਸੀਆਂ ਤੇ ਸੂਬਾਈ ਪੁਲੀਸ ਵਿੱਚ ਤਾਲਮੇਲ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸਭ ਤੋਂ ਅਹਿਮ ਪਹਿਲੂ ਹੈ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਾਰੇ ਸਬੰਧਤ ਭਾਈਵਾਲਾਂ ਦਰਮਿਆਨ ‘ਸੂਚਨਾ ਦੇ ਲੈਣ-ਦੇਣ ਨੂੰ ਲੈ ਕੇ’ ਕਿਸੇ ਤਰ੍ਹਾਂ ਦਾ ਖੱਪਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਐਡਵਾਂਸ ਸਕਿਉਰਿਟੀ ਲਾਇਜ਼ਨ (ਏਐੱਸਐੱਲ) ਇਸ ਲਈ ਕੀਤਾ ਜਾਂਦਾ ਹੈ ਕਿ ਕੋਈ ਵੀ ਚੀਜ਼ ਇਤਫ਼ਾਕ ’ਤੇ ਨਾ ਛੱਡੀ ਜਾਵੇ। ਇਹ ਪੂਰੀ ਦੀ ਪੂਰੀ ਮਸ਼ਕ ਤਰੁਟੀਆਂ ਮੁਕਤ ਹੋਣੀ ਚਾਹੀਦ ਹੈ। ਅਤੇ ਜੇਕਰ ਕਿਤੇ ਕੋਈ ਗ਼ਲਤੀ ਹੁੰਦੀ ਹੈ ਤਾਂ ਐੱਸਪੀਜੀ ਸਬੰਧਤ ਵਿਅਕਤੀ ਖਿਲਾਫ਼ ਉਸ ਦੇ ਪਿੱਤਰੀ ਕੇਡਰ ਨੂੰ ਸਖ਼ਤ ਕਾਰਵਾਈ ਦੀ ਸਿਫਾਰਸ਼ ਕਰੇ। ਗ੍ਰਹਿ ਮੰਤਰਾਲੇ ਵਿਚਲੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਐੱਸਐੱਲ ਮਸ਼ਕ ਅਸਲ ਫੇਰੀ ਤੋਂ ਪਹਿਲਾਂ ਕੀਤੀ ਜਾਂਦੀ ਹੈ। ਸੌ ਤੋਂ ਡੇਢ ਸੌ ਸਫ਼ਿਆਂ ਦੀ ਏਐੱਸਐੱਲ ਬੁੱਕ ਤਜਵੀਜ਼ਤ ਫੇਰੀ ਤੋਂ ਪਹਿਲਾਂ ਸਾਰੇ ਨੋਡਲ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਂਦੀ ਹੈ।
ਸਿੱਕਮ ਪੁਲੀਸ ਦੇ ਸਾਬਕਾ ਡਾਇਰੈਕਟਰ ਜਨਰਲ ਤੇ ਲਗਪਗ ਤਿੰਨ ਦਹਾਕਿਆਂ ਤੱਕ ਇੰਟੈਲੀਜੈਂਸ ਬਿਓਰੋ ਲਈ ਕੰਮ ਕਰਨ ਵਾਲੇ ਅਵਿਨਾਸ਼ ਮੋਹਨਾਨੇ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਸ ਦਿਨ ਦੋ ਵਾਰ ਕੁਤਾਹੀ ਹੋਈ। ਪਹਿਲੀ ਕੁਤਾਹੀ ਉਦੋਂ ਹੋਈ ਜਦੋਂ ਇਹ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਬਠਿੰਡਾ ਤੋਂ ਫਿਰੋਜ਼ਪੁਰ ਤੱਕ 100 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਸੜਕ ਰਸਤੇ ਤੈਅ ਕਰਨਗੇ। ਦੂਜੀ ਕੁਤਾਹੀ ਪ੍ਰਧਾਨ ਮੰਤਰੀ ਦੇ ਕਾਫ਼ਲੇ ਵੱਲੋਂ ਪੁੱਲ ਦੇ ਉਪਰੋਂ ਜਾਣਾ ਸੀ, ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਦੋਵਾਂ ਪਾਸਿਆਂ ਤੋਂ ਘੇਰਿਆ ਹੋਇਆ ਸੀ। -ਪੀਟੀਆਈ