ਨਵੀਂ ਦਿੱਲੀ, 28 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਬਣਨ ਵਾਲੇ ਉਤਪਾਦਾਂ ’ਤੇ ਮਾਣ ਕਰਨ ਨੂੰ ਭਾਰਤ ਦੀ ਆਤਮਨਿਰਭਰਤਾ ਦੀ ਪਹਿਲੀ ਸ਼ਰਤ ਕਰਾਰ ਦਿੰਦਿਆਂ ਅੱਜ ਕਿਹਾ ਕਿ ਜਦੋਂ ਹਰ ਦੇਸ਼ ਵਾਸੀ ਅਜਿਹਾ ਕਰੇਗਾ ਤਾਂ ਆਤਮਨਿਰਭਰ ਭਾਰਤ ਮੁਹਿੰਮ ਸਿਰਫ਼ ਇੱਕ ਆਰਥਿਕ ਮੁਹਿੰਮ ਨਾ ਰਹਿ ਕੇ ‘ਕੌਮੀ ਭਾਵਨਾ’ ਜਾਵੇਗੀ ਅਤੇ ਜਦੋਂ ਇਸ ਸੋਚ ਨਾਲ ਦੇਸ਼ ਅੱਗੇ ਵਧੇਗਾ ਤਾਂ ਹੀ ਕਾਮਯਾਬੀ ਮਿਲੇਗੀ।
ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਅੱਜ ਆਤਮਨਿਰਭਰ ਭਾਰਤ ਦਾ ਮੰਤਰ ਦੇਸ਼ ਦੇ ਪਿੰਡ-ਪਿੰਡ ਪਹੁੰਚ ਰਿਹਾ ਹੈ। ਆਤਮਨਿਰਭਰ ਭਾਰਤ ਮੁਹਿੰਮ ਨੂੰ ਲੈ ਕੇ ਕੋਲਕਾਤਾ ਦੇ ਇੱਕ ਸਰੋਤੇ ਰੰਜਨ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਆਤਮਨਿਰਭਰਤਾ ਦੀ ਪਹਿਲੀ ਸ਼ਰਤ ਹੁੰਦੀ ਹੈ ਆਪਣੇ ਦੇਸ਼ ਦੀਆਂ ਚੀਜ਼ਾਂ ’ਤੇ ਮਾਣ ਕਰਨਾ। ਆਪਣੇ ਦੇਸ਼ ਦੇ ਲੋਕਾਂ ਵੱਲੋਂ ਬਣਾਈਆਂ ਵਸਤਾਂ ’ਤੇ ਮਾਣ ਕਰਨਾ। ਜਦੋਂ ਹਰ ਦੇਸ਼ ਵਾਸੀ ਮਾਣ ਕਰਦਾ ਹੈ ਅਤੇ ਹਰੇਕ ਦੇਸ਼ ਵਾਸੀ ਜੁੜਦਾ ਹੈ ਤਾਂ ਆਤਮਨਿਰਭਰ ਭਾਰਤ ਸਿਰਫ਼ ਇੱਕ ਮੁਹਿੰਮ ਨਾ ਰਹਿ ਕੇ ਕੌਮੀ ਭਾਵਨਾ ਬਣ ਜਾਂਦੀ ਹੈ।’ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਵੱਡੀਆਂ-ਵੱਡੀਆਂ ਚੀਜ਼ਾਂ ਹੀ ਭਾਰਤ ਨੂੰ ਆਤਮਨਿਰਭਰ ਬਣਾਉਣਗੀਆਂ। ਭਾਰਤ ’ਚ ਬਣੇ ਕੱਪੜੇ, ਦਸਤਕਾਰੀ ਦਾ ਸਾਮਾਨ, ਇਲੈਕਟ੍ਰੌਨਿਕ ਉਤਪਾਦ, ਮੋਬਾਈਲ ਸਮੇਤ ਹਰ ਖੇਤਰ ’ਚ ਭਾਰਤ ਦੇ ਮਾਣ ਨੂੰ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇਸੇ ਸੋਚ ਨਾਲ ਦੇਸ਼ ਅੱਗੇ ਵਧੇਗਾ ਤਾਂ ਸਹੀ ਮਾਇਨੇ ’ਚ ਭਾਰਤ ਆਤਮਨਿਰਭਰ ਬਣ ਸਕੇਗਾ। ਆਤਮਨਿਰਭਰ ਮੁਹਿੰਮ ਨੂੰ ਪਿੰਡਾਂ ਤੋਂ ਮਿਲ ਰਹੀ ਹਮਾਇਤ ਦੀ ਮਿਸਾਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਬੇਤੀਆ ਦੇ ਰਹਿਣ ਵਾਲੇ ਪ੍ਰਮੋਦ ਦਾ ਜ਼ਿਕਰ ਕੀਤਾ ਜੋ ਕਰੋਨਾ ਮਹਾਮਾਰੀ ਤੋਂ ਪਹਿਲਾਂ ਐੱਲਈਡੀ ਬਲਬ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਅੱਜ ਉਹ ਖੁਦ ਐੱਲਈਡੀ ਬਲਬ ਬਣਾਉਣ ਦੀ ਛੋਟੀ ਜਿਹੀ ਯੂਨਿਟ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਅਜਿਹੀਆਂ ਕਈ ਮਿਸਾਲਾਂ ਹਨ ਜਿੱਥੇ ਲੋਕ ਆਤਮਨਿਰਭਰ ਭਾਰਤ ਮੁਹਿੰਮ ’ਚ ਇਸੇ ਤਰ੍ਹਾਂ ਯੋਗਦਾਨ ਦੇ ਰਹੇ ਹਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਜਲ ਸੰਭਾਲ ਕਰਨ ਲਈ ਮੱਧ ਪ੍ਰਦੇਸ਼ ਦੇ ਅਗਰੌਠਾ ਪਿੰਡ ਦੀ ਮਹਿਲਾ ਬਬੀਤਾ ਰਾਜਪੂਤ ਵੱਲੋਂ ਆਪਣੇ ਪਿੰਡ ਦੀ ਇੱਕ ਸੁੱਕੀ ਝੀਲ ਨੂੰ ਮੁੜ ਪਾਣੀ ਨਾਲ ਭਰਨ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਪੱਟਨ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਕਾਮਰਾਜ ਚੌਧਰੀ ਦੀ ਸ਼ਲਾਘਾ ਵੀ ਕੀਤੀ ਜੋ ਸੂਖਮ ਸਿੰਜਾਈ ਅਤੇ ਜੈਵਿਕ ਖੇਤੀ ਦੀ ਤਕਨੀਕ ਦੀ ਮਦਦ ਨਾਲ ਡਰੰਮ ਸਟਿਕਸ ਦੀ ਖੇਤੀ ਕਰ ਰਿਹਾ ਹੈ। ਉਨ੍ਹਾਂ ਨਰਮਦਾ ਜ਼ਿਲ੍ਹੇ ’ਚ ਸਟੈਚੂ ਆਫ ਯੂਨਿਟੀ ਵਿਖੇ ਮਹਿਲਾ ਟੂਰ ਗਾਈਡ ਦਾ ਵੀ ਜ਼ਿਕਰ ਕੀਤਾ ਜੋ ਸੰਸਕ੍ਰਿਤ ’ਚ ਗੱਲਬਾਤ ਕਰਦੀ ਹੈ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਮੋਰਾਰਜੀ ਦੇਸਾਈ ਨੂੰ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਆਪਣੀ ਅਖੰਡਤਾ ਤੇ ਲੋਕਤੰਤਰ ਪ੍ਰਤੀ ਪ੍ਰਤੀਬੱਧਤਾ ਦੀ ਭਾਵਨਾ ਲਈ ਜਾਣੇ ਜਾਂਦੇ ਸਨ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀਭਾਈ ਦੇਸਾਈ ਨੇ ਲੰਮਾ ਸਮਾਂ ਲੋਕਾਂ ਦੀ ਸੇਵਾ ਕੀਤੀ ਅਤੇ ਭਾਰਤ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ।’