ਨਵੀਂ ਦਿੱਲੀ, 30 ਨਵੰਬਰ
ਸੀਨੀਅਰ ਪੱਤਰਕਾਰ ਵਿਨੋਦ ਦੁਆ ਦੀ ਧੀ ਮਲਿਕਾ ਦੁਆ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ‘ਬਹੁਤ ਨਾਜ਼ੁਕ’ ਹੈ। ਦੂਰਦਰਸ਼ਨ ਅਤੇ ਐੱਨਡੀਟੀਵੀ ਵਰਗੇ ਨਿਊਜ਼ ਚੈਨਲਾਂ ਲਈ ਕੰਮ ਕਰਨ ਵਾਲੇ ਅਤੇ ਹਿੰਦੀ ਪੱਤਰਕਾਰੀ ਦੇ ਜਾਣੇ-ਪਛਾਣੇ ਚਿਹਰੇ ਵਿਨੋਦ ਦੁਆ (67) ਨੂੰ ਡਾਕਟਰਾਂ ਦੀ ਸਲਾਹ ‘ਤੇ ਬੀਤੀ ਰਾਤ ਅਪੋਲੋ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਮਲਿਕਾ ਦੁਆ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ ਪਿਤਾ ਨੂੰ ਬੀਤੀ ਰਾਤ ਅਪੋਲੋ ਹਸਪਤਾਲ ਦੇ ਆਈਸੀਯੂ ‘ਚ ਦਾਖਲ ਕਰਵਾਇਆ ਗਿਆ ਸੀ, ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਹ ਜ਼ਿੰਦਗੀ ਭਰ ਯੋਧਾ ਰਹੇ।’ ਦੁਆ ਨੂੰ ਇਸ ਸਾਲ ਦੇ ਸ਼ੁਰੂ ਵਿਚ ਕਰੋਨਾ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਦੁਆ ਦੀ ਪਤਨੀ ਪਦਮਾਵਤੀ ‘ਚਿੰਨਾ’ ਦੁਆ ਦੀ ਕੋਵਿਡ-19 ਵਿਰੁੱਧ ਲੰਬੀ ਲੜਾਈ ਲੜਨ ਤੋਂ ਬਾਅਦ ਜੂਨ ‘ਚ ਮੌਤ ਹੋ ਗਈ ਸੀ। ਉਹ ਰੇਡੀਓਲੋਜਿਸਟ ਸੀ।