ਨਵੀਂ ਦਿੱਲੀ, 23 ਜੁਲਾਈ
ਕਸ਼ਮੀਰੀ ਦੇ ਵੱਖਵਾਦੀ ਨੇਤਾ ਯਾਸੀਨ ਮਲਿਕ, ਜੋ ਇਸ ਤਿਹਾੜ ਜੇਲ੍ਹ ਦੇ ਸੈੱਲ ਨੰ. 7 ਵਿੱਚ ਬੰਦ ਹੈ, ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਮਲਿਕ ਸ਼ੁੱਕਰਵਾਰ ਸਵੇਰ ਤੋਂ ਭੁੱਖ ਹੜਤਾਲ ‘ਤੇ ਹੈ। ਮਲਿਕ ਨੂੰ 2017 ਦੇ ਅਤਿਵਾਦੀ ਫੰਡਿੰਗ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 25 ਮਈ ਨੂੰ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮਲਿਕ ਵੱਲੋਂ ਭੁੱਖ ਹੜਤਾਲ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਅਧਿਕਾਰੀ ਨੇ ਹੋਰ ਵੇਰਵੇ ਦੇਣ ਤੋਂ ਗੁਰੇਜ਼ ਕੀਤਾ। ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਮਲਿਕ ਇਸ ਗੱਲ ਤੋਂ ਨਾਰਾਜ਼ ਹੈ ਕਿ ਉਸ ਖਿਲਾਫ਼ ਮਾਮਲਿਆਂ ਦੀ ਏਜੰਸੀਆਂ ਸਹੀ ਢੰਗ ਨਾਲ ਜਾਂਚ ਨਹੀਂ ਕਰ ਰਹੀਆਂ। ਇਸ ਲਈ ਉਸ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।