ਨਵੀਂ ਦਿੱਲੀ, 18 ਸਤੰਬਰ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗੰਭੀਰ ਸਰੀਰਕ ਸੱਟਾਂ ਨਾ ਸਿਰਫ਼ ਪੱਕੇ ਤੌਰ ’ਤੇ ਵਿਅਕਤੀ ਨੂੰ ਅੰਗਹੀਣ ਕਰ ਦਿੰਦੀਆਂ ਹਨ ਬਲਕਿ ਮਾਨਸਿਕ ਤੌਰ ਉਤੇ ਵੀ ਡੂੰਘਾ ਅਸਰ ਪਾਉਂਦੀਆਂ ਹਨ। ਸਿਖ਼ਰਲੀ ਅਦਾਲਤ ਨੇ ਇਹ ਤਰਕ ਦਿੰਦਿਆਂ ਇਕ ਸੜਕ ਹਾਦਸੇ ਦੇ ਪੀੜਤ ਨੂੰ ਮਿਲਣ ਵਾਲੇ ਮੁਆਵਜ਼ੇ ਵਿਚ ਵਾਧੇ ਦੇ ਹੁਕਮ ਦਿੱਤੇ ਹਨ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਅਦਾਲਤਾਂ ਨੂੰ ਅਜਿਹੇ ਕੇਸਾਂ ਵਿਚ ਫ਼ੈਸਲਾ ਦੇਣ ਵੇਲੇ ਇਹ ਪੱਖ ਜ਼ਰੂਰ ਧਿਆਨ ਵਿਚ ਰੱਖਣੇ ਚਾਹੀਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਸਿਖ਼ਰਲੀ ਅਦਾਲਤ ਸਮੇਂ-ਸਮੇਂ ਇਸ ਗੱਲ ਉਤੇ ਜ਼ੋਰ ਦਿੰਦੀ ਰਹੀ ਹੈ ਕਿ ਮੁਆਵਜ਼ਾ ਦੇਣ ਵੇਲੇ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਇਹ ਹਾਦਸੇ ਤੋਂ ਪਹਿਲਾਂ ਵਾਲੀ ਪੀੜਤ ਦੀ ਹਾਲਤ ਦੇ ਨੇੜੇ-ਤੇੜੇ ਢੁਕੇ।
ਅਦਾਲਤ ਨੇ ਨਾਲ ਹੀ ਕਿਹਾ ਕਿ ਚਾਹੇ ਕੋਈ ਵੀ ਮੁਆਵਜ਼ਾ ਪੀੜਤ ਦਾ ਨੁਕਸਾਨ ਨਹੀਂ ਪੂਰ ਸਕਦਾ, ਪਰ ਰਾਸ਼ੀ ਵਜੋਂ ਦਿੱਤਾ ਮੁਆਵਜ਼ਾ ਕੁਝ ਹੱਦ ਤੱਕ ਮਦਦ ਕਰਦਾ ਹੈ। ਹਾਈ ਕੋਰਟ ਨੇ ਇਕ ਮਾਮਲੇ ਵਿਚ ਸੜਕ ਹਾਦਸੇ ਦੇ ਪੀੜਤ ਨੂੰ 7,77,600 ਰੁਪਏ ਮੁਆਵਜ਼ਾ ਦਿੱਤਾ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਵਧਾ ਕੇ 19,65,600 ਰੁਪਏ ਕਰ ਦਿੱਤਾ ਹੈ। ਅਦਾਲਤ ਨੇ ਪੀੜਤ ਦੀ ਕਮਾਉਣ ਦੀ ਸਮਰੱਥਾ ਗੁਆਉਣ ਤੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਮੁਆਵਜ਼ੇ ’ਚ ਵਾਧਾ ਕੀਤਾ ਹੈ। ਮੁਆਵਜ਼ਾ ਪਾਉਣ ਵਾਲਾ ਪੱਪੂ ਦਿਓ ਯਾਦਵ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਟਾਈਪਿਸਟ ਵਜੋਂ ਕੰਮ ਕਰਦਾ ਹੈ ਤੇ ਮਹੀਨੇ ਦੀ ਉਸ ਨੂੰ 12 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। -ਪੀਟੀਆਈ