ਨਵੀਂ ਦਿੱਲੀ, 19 ਜੁਲਾਈ
ਕਰੀਬ ਸੱਤ ਭਾਰਤੀ ਫਾਰਮਾ ਕੰਪਨੀਆਂ ਕਰੋਨਾਵਾਇਰਸ ਦਾ ਟੀਕਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਆਲਮੀ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ’ਚ ਭਾਰਤੀ ਕੰਪਨੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਭਾਰਤ ਬਾਇਓਟੈੱਕ, ਸੀਰਮ ਇੰਸਟੀਚਿਊਟ, ਜ਼ਾਇਡਸ ਕੈਡਿਲਾ, ਪੈਨਾਸ਼ੀਆ ਬਾਇਓਟੈੱਕ, ਇੰਡੀਅਨ ਇਮਿਊਨੋਲੋਜੀਕਲਜ਼, ਮਿਨਵੈਕਸ ਤੇ ਬਾਇਓਲੋਜੀਕਲ ਈ ਜਿਹੀਆਂ ਘਰੇਲੂ ਕੰਪਨੀਆਂ ਕਰੋਨਾਵਾਇਰਸ ਦਾ ਇਲਾਜ ਵਿਕਸਿਤ ਕਰਨ ਦੇ ਯਤਨਾਂ ਵਿਚ ਜੁਟੀਆਂ ਹੋਈਆਂ ਹਨ। ਟੀਕਾ ਤਿਆਰ ਕਰਨ ’ਚ ਆਮ ਤੌਰ ’ਤੇ ਸਾਲਾਂ ਦੇ ਪ੍ਰੀਖਣ ਤੇ ਮਗਰੋਂ ਵੱਡੀ ਪੱਧਰ ਦੇ ਉਤਪਾਦਨ ਦੀ ਲੋੜ ਪੈਂਦੀ ਹੈ। ਪਰ ਵਿਗਿਆਨੀਆਂ ਨੂੰ ਆਸ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਮਹੀਨਿਆਂ ਵਿਚ ਹੀ ਇਸ ਨੂੰ ਤਿਆਰ ਕਰ ਲਿਆ ਜਾਵੇਗਾ। ਭਾਰਤ ਬਾਇਓਟੈੱਕ ਨੂੰ ਪਹਿਲੇ ਤੇ ਦੂਜੇ ਗੇੜ ਦੇ ਕਲੀਨਿਕਲ ਟਰਾਇਲ ਲਈ ਇਜਾਜ਼ਤ ਮਿਲ ਚੁੱਕੀ ਹੈ। ਕੰਪਨੀ ‘ਕੋਵੈਕਸਿਨ’ ਨਾਂ ਦਾ ਟੀਕਾ ਤਿਆਰ ਕਰਨ ਵਿਚ ਜੁਟੀ ਹੋਈ ਹੈ। ਹੈਦਰਾਬਾਦ ਵਿਚ ਕੰਪਨੀ ਦੀ ਇਕਾਈ ’ਚ ਪਿਛਲੇ ਹਫ਼ਤੇ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤੇ ਗਏ ਹਨ। ਵਿਸ਼ਵ ਪੱਧਰ ’ਤੇ ਟੀਕੇ ਤਿਆਰ ਕਰਨ ਵਾਲੀ ਉੱਘੀ ਕੰਪਨੀ ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਇਹ ਸਾਲ ਦੇ ਅਖ਼ੀਰ ਤੱਕ ਕੋਵਿਡ-19 ਲਈ ਦਵਾਈ ਤਿਆਰ ਕਰ ਲਏਗੀ। ਮੌਜੂਦਾ ਸਮੇਂ ਕੰਪਨੀ ਆਕਸਫੋਰਡ ਦੇ ਟੀਕੇ ਉਤੇ ਕੰਮ ਕਰ ਰਹੀ ਹੈ ਤੇ ਤੀਜੇ ਗੇੜ ਦੇ ਟਰਾਇਲ ਚੱਲ ਰਹੇ ਹਨ। -ਪੀਟੀਆਈ
‘ਮੱਛਰ ਕਰੋਨਾਵਾਇਰਸ ਨਹੀਂ ਫੈਲਾ ਸਕਦੇ’
ਵਾਸ਼ਿੰਗਟਨ: ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕਰੋਨਾਵਾਇਰਸ ਲੋਕਾਂ ’ਚ ਮੱਛਰਾਂ ਰਾਹੀਂ ਨਹੀਂ ਫੈਲ ਸਕਦਾ। ਡਬਲਿਊਐਚਓ ਇਸ ਬਾਰੇ ਦਾਅਵਾ ਪਹਿਲਾਂ ਹੀ ਕਰ ਚੁੱਕਾ ਹੈ। ਜਰਨਲ ‘ਸਾਇੰਟਿਫਿਕ ਰਿਪੋਰਟਸ’ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਸਾਰਸ-ਕੋਵ-2 ਵਾਇਰਸ ਜੋ ਕਿ ਕੋਵਿਡ-19 ਦਾ ਕਾਰਨ ਹੈ, ਮੱਛਰਾਂ ਨਾਲ ਨਹੀਂ ਫੈਲ ਸਕਦਾ। ਖੋਜ ਅਮਰੀਕਾ ਦੀ ਕਾਂਸਸ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਖੋਜੀਆਂ ਨੇ ਦਿਖਾਇਆ ਹੈ ਕਿ ਵਾਇਰਸ ਮੱਛਰਾਂ ਦੀਆਂ ਤਿੰਨ ਵੱਡੇ ਪੱਧਰ ਉਤੇ ਪਾਈਆਂ ਜਾਂਦੀਆਂ ਕਿਸਮਾਂ ’ਚ ਖ਼ੁਦ ਦੀ ਨਕਲ ਨਹੀਂ ਬਣਾ ਸਕਿਆ। ਉਨ੍ਹਾਂ ਕਿਹਾ ਕਿ ਜੇ ਮੱਛਰ ਕਿਸੇ ਕੋਵਿਡ ਪੀੜਤ ਦਾ ਖ਼ੂਨ ਚੂਸ ਕੇ ਕਿਸੇ ਤੰਦਰੁਸਤ ਨੂੰ ਵੀ ਕੱਟਦਾ ਹੈ ਤਾਂ ਵੀ ਬੀਮਾਰੀ ਨਹੀਂ ਫੈਲ ਸਕਦੀ। -ਪੀਟੀਆਈ