ਵਰਧਾ, 25 ਜਨਵਰੀ
ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿਚ ਐਮਬੀਬੀਐੱਸ ਦੇ ਸੱਤ ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਇਕ ਵਿਧਾਇਕ ਦਾ ਪੁੱਤਰ ਵੀ ਸ਼ਾਮਲ ਹੈ। ਵੇਰਵਿਆਂ ਮੁਤਾਬਕ ਘਟਨਾ ਮੰਗਲਵਾਰ ਸੁਵੱਖਤੇ ਵਾਪਰੀ ਹੈ ਤੇ ਉਨ੍ਹਾਂ ਦੀ ਕਾਰ ਇਕ ਪੁਲ ਤੋਂ ਹੇਠਾਂ ਡਿਗ ਗਈ। ਪੁਲੀਸ ਨੇ ਦੱਸਿਆ ਕਿ ਹਾਦਸਾ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਵਰਧਾ ਦੇ ਸੇਲਸੁਰਾ ਪਿੰਡ ਕੋਲ ਵਾਪਰਿਆ। ਸੱਤਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਇਕ ਆਵਿਸ਼ਕਾਰ ਰਹਾਂਗਦਲੇ ਤ੍ਰਿਪੁਰਾ ਦੇ ਭਾਜਪਾ ਵਿਧਾਇਕ ਵਿਜੈ ਰਹਾਂਗਦਲੇ ਦਾ ਪੁੱਤਰ ਸੀ। ਉਹ ਵਰਧਾ ਦੇ ਹੀ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ। ਪੁਲੀਸ ਨੇ ਕਿਹਾ ਕਿ ਐੱਸਯੂਵੀ ਸੱਤਾਂ ਵਿਚੋਂ ਇਕ ਚਲਾ ਰਿਹਾ ਸੀ ਤੇ ਉਹ ਯਵਾਤਮਲ ਜ਼ਿਲ੍ਹੇ ਤੋਂ ਇਕ ਵਿਦਿਆਰਥੀ ਦਾ ਜਨਮ ਦਿਨ ਮਨਾ ਕੇ ਪਰਤ ਰਹੇ ਸਨ। ਪੁਲ ਤੋਂ ਡਿਗ ਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਇਕੱਠੀ ਹੀ ਹੋ ਗਈ। ਇਹ ਸਾਰੇ ਇਕੋ ਕਾਲਜ ਦੇ ਵਿਦਿਆਰਥੀ ਸਨ। ਇਕ ਵਿਦਿਆਰਥੀ ਮੈਡੀਕਲ ਇੰਟਰਨ ਸੀ, ਦੋ-ਦੋ ਜਣੇ ਆਖਰੀ ਸਾਲ, ਤੀਜੇ ਸਾਲ ਤੇ ਪਹਿਲੇ ਸਾਲ ਦੇ ਵਿਦਿਆਰਥੀ ਸਨ। ਬਾਕੀ ਛੇ ਜਣਿਆਂ ਦੀ ਸ਼ਨਾਖ਼ਤ ਨੀਰਜ ਚੌਹਾਨ ਵਾਸੀ ਗੋਰਖਪੁਰ, ਪ੍ਰਤਯੂਸ਼ ਸਿੰਘ ਤੇ ਸ਼ੁਭਮ ਜੈਸਵਾਲ ਵਾਸੀ ਯੂਪੀ, ਵਿਵੇਕ ਨੰਦਨ ਤੇ ਪਵਨ ਸ਼ਕਤੀ ਵਾਸੀ ਬਿਹਾਰ ਅਤੇ ਨਿਤੀਸ਼ ਕੁਮਾਰ ਸਿੰਘ ਵਾਸੀ ਉੜੀਸਾ ਵਜੋਂ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਪੀੜਤਾਂ ਦੇ ਵਾਰਿਸਾਂ ਲਈ ਮਾਲੀ ਮਦਦ ਦਾ ਐਲਾਨ ਵੀ ਕੀਤਾ ਹੈ। -ਪੀਟੀਆਈ