ਮਥੁਰਾ (ਉੱਤਰ ਪ੍ਰਦੇਸ਼), 7 ਮਈ
ਮੁੱਖ ਅੰਸ਼
- ਹਰਦੋਈ ਵਿੱਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਨੋਇਡਾ ਵਾਪਸ ਜਾ ਰਿਹਾ ਸੀ ਪਰਿਵਾਰ
- ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਯੋਗੀ ਨੇ ਦੁੱਖ ਪ੍ਰਗਟਾਇਆ
ਇੱਥੇ ਯਮੁਨਾ ਐਕਸਪ੍ਰੈਸਵੇਅ ’ਤੇ ਅੱਜ ਸਵੇਰੇ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਅਤੇ ਦੋ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਨੋਇਡਾ ਵਾਸੀ ਲਲੂ ਗੌਤਮ (60), ਛੁਟਕੀ (55), ਸੰਜੈ (30), ਰਾਜੇਸ਼ (25), ਨਿਸ਼ਾ (28), ਨੰਦਿਨੀ (22) ਅਤੇ ਧੀਰਜ (6) ਵਜੋਂ ਹੋਈ ਹੋਈ ਹੈ। ਜ਼ਖ਼ਮੀ ਹੋਣ ਵਾਲਿਆਂ ਵਿੱਚ ਗੋਪਾਲ (23) ਅਤੇ ਹਰਸ਼ (3) ਸ਼ਾਮਲ ਹਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਜਦੋਂ ਇਹ ਪਰਿਵਾਰ ਆਪਣੇ ਜੱਦੀ ਪਿੰਡ ਹਰਦੋਈ ਵਿੱਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਨੋਇਡਾ ਵਾਪਸ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਇੱਕ ਹੋਰ ਵਾਹਨ ਨਾਲ ਜਾ ਟਕਰਾਈ, ਜਿਸ ਕਾਰਨ ਸੱਤ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਪੋਸਟਮਾਰਟਮ ਲਈ ਲਾਸ਼ਾਂ ਹਸਪਤਾਲ ਭਿਜਵਾ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ