ਜੈਪੁਰ, 12 ਮਾਰਚ
ਰਾਜਸਥਾਨ ਵਿਚ ਚੱਲ ਰਹੇ ਜੈਪੁਰ ਲਿਟਰੇਚਰ ਫੈਸਟੀਵਲ (ਜੇਐੱਲਐੱਫ) ਵਿਚ ਮਸ਼ਹੂਰ ਕਵੀ ਰਣਜੀਤ ਹੋਸਕੋਟੇ ਨੂੰ ਅੱਜ ਸੱਤਵਾਂ ਮਹਾਕਵੀ ਕਨ੍ਹੱਈਆ ਲਾਲ ਸੇਤੀਆ ਕਵਿਤਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਾਲਾਨਾ ਤੌਰ ’ਤੇ ਦਿੱਤਾ ਜਾਣਾ ਵਾਲਾ ਇਹ ਵੱਕਾਰੀ ਪੁਰਸਕਾਰ ਰਾਜਸਥਾਨੀ ਅਤੇ ਹਿੰਦੀ ਕਵੀ ਕਨ੍ਹੱਈਆ ਲਾਲ ਸੇਤੀਆ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਤਹਿਤ ਇਕ ਲੱਖ ਰੁਪਏ ਨਕਦ ਅਤੇ ਇਕ ਯਾਦਗਾਰੀ ਚਿੰਨ੍ਹ ਦਿੱਤਾ ਜਾਂਦਾ ਹੈ।
ਹੋਸਕੋਟੇ ਨੇ ਹੁਣ ਤੱਕ ਸੱਤ ਕਵਿਤਾ ਸੰਗ੍ਰਹਿ ਲਿਖੇ ਹਨ। ਹੋਸਕੋਟੇ ਨੂੰ ਸਾਹਿਤ ਅਕਾਦਮੀ ਗੋਲਡਨ ਜੁਬਲੀ ਪੁਰਸਕਾਰ, ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਅਤੇ ਐੱਸ.ਐੱਚ. ਰਾਜਾ ਸਾਹਿਤ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹੋਸਕੋਟੇ ਨੇ ਕਿਹਾ, ‘‘ਇਸ ਪੁਰਸਕਾਰ ਲਈ ਮੇਰੇ ਦਿਲ ਵਿਚ ਬਹੁਤ ਸਨਮਾਨ ਹੈ ਕਿਉਂਕਿ ਇਸ ਦਾ ਨਾਮ ਇਕ ਅਜਿਹੀ ਸ਼ਖ਼ਸੀਅਤ ਦੇ ਨਾਂ ’ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ ਤਿੰਨ ਭਾਸ਼ਾਵਾਂ-ਹਿੰਦੀ, ਰਾਜਸਥਾਨੀ ਅਤੇ ਉਰਦੂ ਵਿਚ ਯੋਗਦਾਨ ਦਿੱਤਾ।’’ -ਪੀਟੀਆਈ
ਪੂਤਿਨ ਨੂੰ ਮਨਮਰਜ਼ੀ ਕਰਨ ਦੀ ਇਜਾਜ਼ਤ ਦੇਣੀ ਖ਼ਤਰਨਾਕ: ਲਿੰਡਨਰ
ਜੈਪੁਰ: ਲਿਟਰੇਚਰ ਫੈਸਟੀਵਲ (ਜੇਐੱਲਐੱਫ) ਦੌਰਾਨ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਕਿਹਾ ਕਿ ਭਾਰਤ ਆਪਣੇ ਇਤਿਹਾਸ ਅਤੇ ਗੁਆਂਢ ਦੇ ਆਧਾਰ ’ਤੇ ਗੱਠਜੋੜ ਕਰੇਗਾ ਪਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਨਮਰਜ਼ੀ ਕਰਨ ਦੀ ਇਜਾਜ਼ਤ ਦੇਣੀ, ਸਿਧਾਂਤਕ ਤੌਰ ’ਤੇ ਸਾਰਿਆਂ ਲਈ ਖ਼ਤਰਨਾਕ ਹੈ। ਉਨ੍ਹਾਂ ਪੁਰਾਣੇ ਹੋ ਚੁੱਕੇ ਸੁਰੱਖਿਆ ਕੌਂਸਲ ਦੇ ਢਾਂਚੇ ਬਾਰੇ ਗੱਲ ਕਰਦਿਆਂ ਕਿਹਾ ਕਿ 1.3 ਅਰਬ ਦੀ ਆਬਾਦੀ ਵਾਲੇ ਦੇਸ਼ ਭਾਰਤ ਨੂੰ ਸਥਾਈ ਮੈਂਬਰ ਵਜੋਂ ਉੱਥੇ ਹੋਣਾ ਚਾਹੀਦਾ ਹੈ।ਇਸ ਫੈਸਟੀਵਲ ਦੇ ਇੱਕ ਸੈਸ਼ਨ ’ਚ ਹਿੱਸਾ ਲੈਣ ਲਈ ਕਾਂਗਰਸ ਮੈਂਬਰ ਸ਼ਸ਼ੀ ਥਰੂਰ ਵੀ ਪਹੁੰਚੇ। -ਪੀਟੀਆਈ