ਮੁੰਬਈ, 24 ਜੂਨ
ਪਾਰਟੀ ਆਗੂ ਏਕਨਾਥ ਸ਼ਿੰਦੇ ਦੀ ਬਗਾਵਤ ਕਾਰਨ ਸ਼ਿਵ ਸੈਨਾ ਦੀ ਅਗਵਾਈ ਵਾਲੇ ਸੱਤਾਧਾਰੀ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਦੀ ਸਰਕਾਰ ਦੀ ਹੋਂਦ ’ਤੇ ਆਏ ਸੰਕਟ ਵਿਚਾਲੇ ਸੂਬਾ ਸਰਕਾਰ ਦੇ ਵਿਭਾਗਾਂ ਵੱਲੋਂ ਬੀਤੇ ਚਾਰ ਦਿਨਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਵਿਭਾਗਾਂ ਵਿੱਚੋਂ ਜ਼ਿਆਦਾਤਰ ਗੱਠਜੋੜ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਕਾਂਗਰਸ ਦੇ ਕੰਟਰੋਲ ਵਾਲੇ ਹਨ।
ਮਹਾਰਾਸ਼ਟਰ ਦੀ ਐੱਮਵੀਏ ਸਰਕਾਰ ਵਿੱਚ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਸ਼ਾਮਲ ਹਨ। ਇਹ ਆਦੇਸ਼ ਸਰਕਾਰ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖੇ ਜਾ ਸਕਦੇ ਹਨ। 20 ਤੋਂ 23 ਜੂਨ ਵਿਚਾਲੇ ਵਿਭਾਗਾਂ ਨੇ 182 ਸਰਕਾਰੀ ਆਦੇਸ਼ (ਜੀਆਰ) ਜਾਰੀ ਕੀਤੇ, ਜਦਕਿ 17 ਜੂਨ ਨੂੰ ਉਨ੍ਹਾਂ ਨੇ 107 ਅਜਿਹੇ ਜੀਆਰ ਪਾਸ ਕੀਤੇ।
ਤਕਨੀਕੀ ਤੌਰ ’ਤੇ ਇਨ੍ਹਾਂ ਨੂੰ ਸਰਕਾਰੀ ਪ੍ਰਸਤਾਵ (ਜੀਆਰ) ਕਿਹਾ ਜਾਂਦਾ ਹੈ ਜੋ ਵਿਕਾਸ ਸਬੰਧੀ ਕੰਮਾਂ ਲਈ ਫੰਡ ਜਾਰੀ ਕਰਨ ਦੀ ਮਨਜ਼ੂਰੀ ਦੇਣ ਵਾਲਾ ਇਕ ਜ਼ਰੂਰੀ ਰਿਲੀਜ਼ ਆਰਡਰ ਹੁੰਦਾ ਹੈ।
ਸ਼ਿਵ ਸੈਨਾ ਦੇ ਗੁਲਾਬਰਾਓ ਪਾਟਿਲ ਦੇ ਕੰਟਰੋਲ ਵਾਲੇ ਜਲ ਸਪਲਾਈ ਤੇ ਸਵੱਛਤਾ ਵਿਭਾਗ ਨੇ 17 ਜੂਨ ਨੂੰ ਇੱਕੋ ਦਿਨ ਵਿੱਚ 84 ਤੋਂ ਵੱਧ ਆਰਡਰ ਜਾਰੀ ਕੀਤੇ। ਇਨ੍ਹਾਂ ਵਿੱਚੋ ਜ਼ਿਆਦਾਤਰ ਆਦੇਸ਼ ਧਨ ਦੀ ਮਨਜ਼ੂਰੀ, ਪ੍ਰਸ਼ਾਸਨਿਕ ਮਨਜ਼ੂਰੀ ਅਤੇ ਵੱਖ-ਵੱਖ ਜਲ ਸਪਲਾਈ ਯੋਜਨਾਵਾਂ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਨਾਲ ਸਬੰਧਤ ਸਨ। ਪਾਟਿਲ ਸ਼ਿਵ ਸੈਨਾ ਦੇ ਉਨ੍ਹਾਂ ਆਖਰੀ ਵਿਧਾਇਕਾਂ ’ਚੋਂ ਹਨ ਜਿਨ੍ਹਾਂ ਨੇ ਗੁਹਾਟੀ ਪਹੁੰਚ ਕੇ ਸ਼ਿੰਦੇ ਨਾਲ ਹੱਥ ਮਿਲਾ ਲਿਆ ਹੈ। ਇਸੇ ਤਰ੍ਹਾਂ ਐੱਨਸੀਪੀ ਦੇਕੰਟਰੋਲ ਸਮਾਜਿਕ ਨਿਆਂ, ਜਲ ਸਰੋਤ, ਹੁਨਰ ਵਿਕਾਸ, ਰਿਹਾਇਸ਼ੀ ਵਿਕਾਸ, ਵਿੱਤ ਤੇ ਗ੍ਰਹਿ ਵਰਗੇ ਵਿਭਾਗਾਂ ਨੇ ਜ਼ਿਆਦਾ ਜੀਆਰ ਜਾਰੀ ਕੀਤੇ ਹਨ। ਉੱਧਰ, ਕਾਂਗਰਸ ਦੇ ਕੰਟਰੋਲ ਵਾਲੇ ਜਨਜਾਤੀ ਵਿਕਾਸ, ਮਾਲੀਆ, ਲੋਕ ਨਿਰਮਾਣ ਵਿਭਾਗ, ਸਕੂਲੀ ਸਿੱਖਿਆ, ਓਬੀਸੀ ਅਤੇ ਮੱਛੀ ਪਾਲਣ ਆਦਿ ਵਿਭਾਗਾਂ ਨੇ ਵੀ ਕੁਝ ਜੀਆਰ ਜਾਰੀ ਕੀਤੇ। ਆਜ਼ਾਦ ਵਿਧਾਇਕ ਤੇ ਮੰਤਰੀ ਸ਼ੰਕਰਰਾਓ ਗਡਕ ਦੇ ਕੰਟਰੋਲ ਵਾਲੇ ਮਿੱਟੀ ਤੇ ਸੰਭਾਲ ਵਿਭਾਗ ਨੇ ਲਗਪਗ 20 ਆਦੇਸ਼ ਪਾਸ ਕੀਤੇ। -ਪੀਟੀਆਈ