ਜੰਮੂੁ, 17 ਨਵੰਬਰ
ਜੰਮੂ-ਕਸ਼ਮੀਰ ਵਿੱਚ ਚਾਰ ਸਾਬਕਾ ਮੰਤਰੀਆਂ ਅਤੇ ਤਿੰਨ ਸਾਬਕਾ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਸਾਂਝਾ ਅਸਤੀਫਾ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਾਰਟੀ ਨਾਲ ਸਬੰਧਤ ਮਾਮਲਿਆਂ ਬਾਰੇ ਮੀਟਿੰਗ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਸਾਰੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਦੇ ਨਜ਼ਦੀਕੀ ਹਨ। ਆਜ਼ਾਦ ਨੇ ਕੁਝ ਪਹਿਲਾਂ ਹੀ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਵਿਧਾਇਕਾਂ ਵਿੱਚ ਗੁਲਾਮ ਨਬੀ ਮੋਂਗਾ, ਨਰੇਸ਼ ਗੁਪਤਾ ਅਤੇ ਅਮੀਨ ਭੱਟ ਸ਼ਾਮਲ ਹਨ। ਸੂਤਰਾਂ ਮੁਤਾਬਕ ਇਨ੍ਹਾਂ ਨੇਤਾਵਾਂ ਨੇ ਸੋਨੀਆ ਗਾਂਧੀ ਤੋਂ ਇਲਾਵਾ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਸੂਬਾ ਇੰਚਾਰਜ ਰਜਨੀ ਪਾਟਿਲ ਨੂੰ ਵੀ ਅਸਤੀਫ਼ਿਆਂ ਦੀਆਂ ਕਾਪੀਆਂ ਭੇਜੀਆਂ ਹਨ। ਅਸਤੀਫਾ ਪੱਤਰ ਵਿੱਚ ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸੂਬਾ ਕਾਂਗਰਸ ਲੀਡਰਸ਼ਿਪ ਦੇ ‘ਵਿਰੋਧੀ ਰਵੱਈਏ’ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਨੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ’ਤੇ ਨਿਸ਼ਾਨਾ ਸਾਧਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਸਮੇਤ ਆਜ਼ਾਦ ਦੇ ਕਰੀਬੀ ਕੁਝ ਹੋਰ ਆਗੂਆਂ ਨੇ ਅਸਤੀਫ਼ਾ ਦੇਣ ਵਾਲੇ ਆਗੂਆਂ ਤੋਂ ਦੂਰੀ ਬਣਾ ਲਈ ਹੈ। ਦੂਜੇ ਪਾਸੇ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਹਾਈਕਮਾਂਡ ’ਤੇ ਨਿਸ਼ਾਨਾ ਸਾਧਣ ਨੂੰ ਲੈ ਕੇ ਉਕਤ ਨੇਤਾਵਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। -ਪੀਟੀਆਈ