ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਦੇ ਇਤਿਹਾਸਕ ਗੁਰਦੁਆਰੇ ਮੋਤੀ ਬਾਗ਼ ਕੋਲ ਦਿੱਲੀ ਦੇ ਸੀਵਰ ਦਾ ਪਾਣੀ ਢੱਕਣ ਵਿੱਚੋਂ ਬਾਹਰ ਨਿਕਲਣ ਕਾਰਨ ਇਲਾਕੇ ਵਿੱਚ ਗੰਦੇ ਪਾਣੀ ਦੀ ਬਦਬੂ ਫੈਲ ਗਈ ਤੇ ਰਿੰਗ ਰੋਡ ਉਪਰ ਆਵਾਜਾਈ ਵਿੱਚ ਵੀ ਵਿਘਨ ਪਿਆ। ਇਸ ਇਲਾਕੇ ਵਿੱਚ ਦਿੱਲੀ ਜਲ ਬੋਰਡ ਤੇ ਸੀਵਰੇਜ ਵਿਭਾਗ ਵੱਲੋਂ ਸੀਵਰ ਦੀ ਮੁਰੰਮਤ ਕੀਤੀ ਜਾ ਰਹੀ ਹੈ ਜਿਸ ਕਰਕੇ ਰਿੰਗ ਰੋਡ ਦੀ ਸੜਕ ਥਾਂ-ਥਾਂ ਤੋਂ ਪੁੱਟੀ ਗਈ ਹੈ। ਦਿੱਲੀ ਮੈਟਰੋ ਤੇ ਅੰਡਰਪਾਸ ਦਾ ਉਸਾਰੀ ਕਾਰਜ ਵੀ ਇਸ ਇਲਾਕੇ ਵਿੱਚ ਚੱਲਦਾ ਹੋਣ ਕਰਕੇ ਸੀਵਰੇਜ ਦੀਆਂ ਨਾਲੀਆਂ ਵੀ ਠੀਕ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸੀਵਰ ਦੇ ਇਕ ਹਿੱਸੇ ਦਾ ਪਾਣੀ ਰੁਕਣ ਕਰਕੇ ਗੰਦਾ ਪਾਣੀ ਢੱਕਣ ਵਿੱਚੋਂ ਬਾਹਰ ਤੇਜ਼ੀ ਨਾਲ ਨਿਕਲਣ ਲੱਗਾ ਤੇ ਗੁਰਦੁਆਰੇ ਦੇ ਮੁੱਖ ਗੇਟ ਕੋਲ ਚਿੱਕੜ ਹੋ ਗਿਆ। ਸਥਾਨਕ ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਪਾਣੀ ਰਿਸਣ ਕਾਰਨ ਬਦਬੂ ਆਉਣ ਲੱਗੀ ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਹਾਲਾਂ ਕਿ ਦਿੱਲੀ ਸਰਕਾਰ ਵੱਲੋਂ ਉਸਾਰੀ ਵਾਲੀਆਂ ਥਾਵਾਂ ਉਪਰ ਧੂੜ ਨਾ ਉੱਡਣ ਦੇਣ ਦੇ ਬੰਦੋਬਸਤ ਕਰਨ ਦੀ ਹਦਾਇਤ ਹੈ ਪਰ ਅਜਿਹਾ ਇੱਥੇ ਨਹੀਂ ਦੇਖਿਆ ਗਿਆ। ਦੂਜੇ ਪਾਸੇ ਆਸ਼ਰਮ ਚੌਕ ਉਪਰ ਬਣ ਰਹੇ ਅੰਡਰ ਪਾਸ ਕਾਰਨ ਵੀ ਉਸਾਰੀ ਵਾਲੀ ਥਾਂ ’ਤੇ ਗਰਦ ਉੱਡ ਰਹੀ ਸੀ।