ਪਣਜੀ, 19 ਮਈ
ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਤਰੁਣ ਤੇਜਪਾਲ ਮਾਮਲੇ ਵਿਚ 21 ਮਈ ਨੂੰ ਆਪਣਾ ਫ਼ੈਸਲਾ ਸੁਣਾਏਗੀ। ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ’ਤੇ ਗੋਆ ਦੇ ਇਕ ਲਗਜ਼ਰੀ ਹੋਟਲ ਦੀ ਲਿਫਟ ਵਿਚ 2013 ਵਿੱਚ ਇਕ ਮਹਿਲਾ ਸਾਥੀ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ ਹੈ। ਵਧੀਕ ਜ਼ਿਲ੍ਹਾ ਅਦਾਲਤ ਨੇ ਪਹਿਲਾਂ 27 ਅਪਰੈਲ ਨੂੰ ਫ਼ੈਸਲਾ ਦੇਣਾ ਸੀ, ਪਰ ਜੱਜ ਕਸ਼ਮਾ ਜੋਸ਼ੀ ਨੇ ਫ਼ੈਸਲਾ 12 ਮਈ ਤੱਕ ਮੁਲਤਵੀ ਕਰ ਦਿੱਤਾ। ਬਾਅਦ ’ਚ 12 ਮਈ ਨੂੰ ਫਿਰ ਫ਼ੈਸਲਾ 19 ਮਈ ਲਈ ਮੁਲਤਵੀ ਕਰ ਦਿੱਤਾ ਗਿਆ। ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਆਲਮੀ ਮਹਾਮਾਰੀ ਦੇ ਮੱਦੇਨਜ਼ਰ ਸਟਾਫ ਦੀ ਘਾਟ ਕਾਰਨ ਫ਼ੈਸਲਾ ਮੁਲਤਵੀ ਕੀਤਾ ਗਿਆ ਹੈ। ਗੋਆ ਪੁਲੀਸ ਨੇ ਤੇਜਪਾਲ ਖ਼ਿਲਾਫ਼ ਨਵੰਬਰ 2013 ਵਿੱਚ ਐੱਫਆਈਆਰ ਦਰਜ ਕੀਤੀ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤੇਜਪਾਲ ਮਈ 2014 ਤੋਂ ਜ਼ਮਾਨਤ ’ਤੇ ਬਾਹਰ ਹੈ। -ਏਜੰਸੀ