ਬੰਗਲੂਰੂ, 23 ਜੂਨ
ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਅੱਜ ਕਿਹਾ ਕਿ ਜਨਤਾ ਦਲ-ਸੈਕੂਲਰ (ਜੇਡੀ-ਐੱਸ) ਦੇ ਵਿਧਾਨ ਪਰਿਸ਼ਦ ਮੈਂਬਰ ਸੂਰਜ ਰੇਵੰਨਾ ਖ਼ਿਲਾਫ਼ ਪਾਰਟੀ ਦੇ ਇੱਕ ਪੁਰਸ਼ ਕਾਰਕੁਨ ਵੱਲੋਂ ਦਰਜ ਕਰਵਾਏ ‘ਗ਼ੈਰ-ਕੁਦਰਤੀ ਜਿਨਸੀ ਸ਼ੋਸ਼ਣ’ ਮਾਮਲੇ ਦੀ ਜਾਂਚ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਨੂੰ ਸੌਂਪ ਦਿੱਤੀ ਗਈ ਹੈ। ਇਸ ਦੌਰਾਨ ਸੂਰਜ ਨੂੰ ਬੰਗਲੂਰੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਸੂਰਜ ਰੇਵੰਨਾ ਨੂੰ ਪਾਰਟੀ ਕਾਰਕੁਨ ਨਾਲ ‘ਗ਼ੈਰ-ਕੁਦਰਤੀ ਜਿਨਸੀ ਸ਼ੋਸ਼ਣ’ ਦੇ ਮਾਮਲੇ ਵਿੱਚ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਸੂਰਜ ਤੋਂ ਇੱਥੇ ਸੀਈਐੱਨ ਪੁਲੀਸ ਥਾਣੇ ਵਿੱਚ ਪੂਰੀ ਰਾਤ ਪੁੱਛ-ਪੜਤਾਲ ਕੀਤੀ ਗਈ। ਬਾਅਦ ਵਿੱਚ ਉਸ ਨੂੰ ਮੈਡੀਕਲ ਜਾਂਚ ਲਈ ਹਾਸਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐੱਚਆਈਐੱਮਐੱਸ) ਲਿਜਾਇਆ ਗਿਆ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਸੂਰਜ ਰੇਵੰਨਾ ਖ਼ਿਲਾਫ਼ ਪਾਰਟੀ ਦੇ ਇੱਕ ਕਾਰਕੁਨ ਨਾਲ ਕੁੱਝ ਦਿਨ ਪਹਿਲਾਂ ‘ਗ਼ੈਰ-ਕੁਦਰਤੀ ਜਿਨਸੀ ਸਬੰਧ’ ਬਣਾਉਣ ਦੇ ਦੋਸ਼ ਹੇਠ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸ਼ਨਿੱਚਰਵਾਰ ਨੂੰ ਕੇਸ ਦਰਜ ਕੀਤਾ ਗਿਆ ਸੀ। ਉਹ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਵੱਡਾ ਭਰਾ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਵੱਡੀ ਗਿਣਤੀ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਚੱਲ ਰਹੀ ਹੈ।
ਪੁਲੀਸ ਦੇ ਡੀਜੀ ਤੇ ਆਈਜੀ ਦਫ਼ਤਰ ਤੋਂ ਪੁਲੀਸ ਦੇ ਡੀਜੀ (ਸੀਆਈਡੀ) ਅਤੇ ਐੱਸਪੀਜ਼ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਗਿਆ ਹੈ, ‘‘ਹਾਸਨ ਜ਼ਿਲ੍ਹੇ ਦੇ ਹੋਲੇਨਰਸੀਪੁਰ ਦਿਹਾਤੀ ਪੁਲੀਸ ਥਾਣੇ ਵਿੱਚ ਆਈਪੀਸੀ ਦੀ ਧਾਰਾਵਾਂ 377, 342, 506, 34 ਤਹਿਤ ਦਰਜ ਮਾਮਲੇ ਦੀ ਜਾਂਚ ਫੌਰੀ ਸੀਆਈਡੀ ਨੂੰ ਸੌਂਪੀ ਜਾਂਦੀ ਹੈ। ਸੀਆਈਡੀ ਨੂੰ ਮਾਮਲੇ ਦੀ ਫਾਈਲ ਸੌਂਪੀ ਜਾਣੀ ਚਾਹੀਦੀ ਹੈ।’’ ਇਸ ਵਿੱਚ ਕਿਹਾ ਗਿਆ ਹੈ ਕਿ ਹਾਸਨ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਨੂੰ ਮਾਮਲੇ ਦੀ ਫਾਈਲ ਸਬੰਧਤ ਜਾਂਚ ਅਧਿਕਾਰੀ ਕੋਲ ਭੇਜ ਕੇ ਵਿਅਕਤੀਗਤ ਤੌਰ ’ਤੇ ਸੀਆਈਡੀ ਦੇ ਜਾਂਚ ਅਧਿਕਾਰੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।
ਗ੍ਰਹਿ ਮੰਤਰੀ ਪਰਮੇਸ਼ਵਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਐੱਫਆਈਆਰ ਦਰਜ ਕਰ ਲਈ ਹੈ, ਸੂਰਜ ਰੇਵੰਨਾ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਜਾਂਚ ਜਾਰੀ ਹੈ।
ਉਨ੍ਹਾਂ ਕਿਹਾ ਕਿ ਜਾਂਚ ਸੀਆਈਡੀ ਨੂੰ ਸੌਂਪੀ ਜਾ ਰਹੀ ਹੈ। ਪਰਮੇਸ਼ਵਰ ਨੇ ਕਿਹਾ, ‘‘ਇਸੇ ਤਰ੍ਹਾਂ ਦੇ ਕਈ ਮਾਮਲੇ ਸੀਆਈਡੀ ਨੂੰ ਸੌਂਪੇ ਗਏ ਹਨ ਅਤੇ ਇਸ ਨੂੰ ਵੀ ਸੀਆਈਡੀ ਨੂੰ ਸੌਂਪਿਆ ਜਾ ਰਿਹਾ ਹੈ।’’ -ਪੀਟੀਆਈ
ਸੂਰਜ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ‘ਸਾਜ਼ਿਸ਼’: ਐੱਚਡੀ ਰੇਵੰਨਾ
ਬੰਗਲੂਰੂ: ਜੇਡੀ (ਐੱਸ) ਵਿਧਾਇਕ ਤੇ ਕਰਨਾਟਕ ਦੇ ਸਾਬਕਾ ਮੰਤਰੀ ਐੱਚਡੀ ਰੇਵੰਨਾ ਨੇ ਅੱਜ ਆਪਣੇ ਪੁੱਤਰ ਤੇ ਵਿਧਾਨ ਪਰਿਸ਼ਦ ਮੈਂਬਰ (ਐੱਮਐੱਲਸੀ) ਸੂਰਜ ਰੇਵੰਨਾ ਖ਼ਿਲਾਫ਼ ਪਾਰਟੀ ਦੇ ਇੱਕ ਪੁਰਸ਼ ਕਾਰਕੁਨ ਦਾ ਕਥਿਤ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ ‘ਸਾਜ਼ਿਸ਼’ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਭਗਵਾਨ ਤੇ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ। ਕਿਸੇ ਵੀ ਗੱਲ ’ਤੇ ਪ੍ਰਤੀਕਿਰਿਆ ਦੇਣ ਤੋਂ ਬਚਦਿਆਂ ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਉਹ ਸਭ ਕੁੱਝ ਦੱਸ ਦੇਣਗੇ। ਸੂਰਜ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਭਰਾ ਹੈ, ਜਿਸ ’ਤੇ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਐੱਚਡੀ ਰੇਵੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਭਗਵਾਨ ਅਤੇ ਨਿਆਂਪਾਲਿਕਾ ’ਤੇ ਭਰੋਸਾ ਹੈ। ਮੈਂ ਅਜਿਹੀਆਂ ਸਾਜ਼ਿਸ਼ਾਂ ਤੋਂ ਨਹੀਂ ਡਰਾਂਗਾ। ਮੈਨੂੰ ਪਤਾ ਹੈ ਕਿ ਇਹ ਕੀ ਹੈ, ਸਮਾਂ ਫ਼ੈਸਲਾ ਕਰੇਗਾ।’’ -ਪੀਟੀਆਈ