ਨਵੀਂ ਦਿੱਲੀ, 26 ਜੁਲਾਈ
ਭਾਰਤ ਵੱਲੋਂ ‘ਰੈਫਰੈਂਡਮ 2020’ ਨੂੰ ਰੱਦ ਕਰਨ ਦੇ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਨ ਤੋਂ ਇਕ ਦਿਨ ਬਾਅਦ ਜੰਮੂ ਕਸ਼ਮੀਰ ਵਿਚ ਖਾਲਿਸਤਾਨ ਰੈਫਰੈਂਡਮ ਲਈ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰਨ ਲਈ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਐਤਵਾਰ ਨੂੰ ਕੈਨੇਡੀਅਨ ਸਾਈਬਰਸਪੇਸ ਤੋਂ ਪੋਰਟਲ ਲਾਂਚ ਕੀਤਾ ਹੈ। ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਐੱਸਐੱਫਜੇ ਦੁਆਰਾ ਚਲਾਈ ਗਈ ਇਸ ਖਤਰਨਾਕ ਮੁਹਿੰਮ ਦੀ ਹਮਾਇਤ ਕਰ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਪਾਕਿਸਤਾਨੀ ਟਵਿੱਟਰ ਹੈਂਡਲ ਨੇ ਅਖੌਤੀ ‘ਰੈਫਰੈਂਡਮ’ ਦੇ ਹੱਕ ਵਿਚ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕਸ਼ਮੀਰ ਦੇ ਸਿੱਖਾਂ ਨੂੰ “ਆਜ਼ਾਦੀ ਘੁਲਾਟੀਆਂ ਅਤੇ ਸਿੱਖ ਸੈਨਿਕਾਂ” ਵਜੋਂ ਹੱਲਾਸ਼ੇਰੀ ਦਿੰਦਿਆਂ ਅਮਰੀਕਾ ਅਧਾਰਤ ਖਾਲਿਸਤਾਨੀ ਕੱਟੜਪੰਥੀ ਜਥੇਬੰਦੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਰੈਫਰੈਂਡਮ 2020’ ਦਾ ਸਮਰਥਨ ਕਰਨ। ਖੁਫੀਆ ਏਜੰਸੀਆਂ ਨੇ ਮੁੜ ਸੁਚੇਤ ਕੀਤਾ ਹੈ ਕਿ ਵੱਖਵਾਦੀ ਸਮੂਹ 26 ਜੁਲਾਈ ਨੂੰ ਵਾਦੀ ਵਿੱਚ ‘ਰੈਫਰੈਂਡਮ 2020’ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰੇਗਾ, ਜਿਸ ਨਾਲ ਜੰਮੂ-ਕਸ਼ਮੀਰ ਵਿੱਚ ਵਸਦੇ ਲਗਭਗ ਤਿੰਨ ਲੱਖ ਸਿੱਖ ਆਬਾਦੀ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸਐੱਫਜੇ ਦੇ ਗੁਰਪਤਵੰਤ ਸਿੰਘ ਪੰਨੂ ਨੇ ਫਿਰ ਦਾਅਵਾ ਕੀਤਾ ਹੈ ਕਿ ਇਹ ਸਮੂਹ ਸ੍ਰੀਨਗਰ ਦੇ ਗੁਰਦੁਆਰਾ ਛੱਠੀ ਪਾਤਸ਼ਾਹੀ ਅਤੇ ਜੰਮੂ ਦੇ ਗੁਰਦੁਆਰਾ ਸਿੰਬਲ ਕੈਂਪ ਤੋਂ 26 ਜੁਲਾਈ ਨੂੰ ਜੰਮੂ-ਕਸ਼ਮੀਰ ਵਿੱਚ ਪੰਜਾਬ ਸੁਤੰਤਰਤਾ ਰੈਫਰੈਂਡਮ ਲਈ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰੇਗਾ। ਸਮੂਹ ਦਾ ਦਾਅਵਾ ਹੈ “ਸੁਤੰਤਰ ਖਾਲਿਸਤਾਨ ਕਸ਼ਮੀਰ ਦੀ ਆਜ਼ਾਦੀ ਦਾ ਰਾਹ ਪੱਧਰਾ ਕਰੇਗਾ”।