ਨਵੀਂ ਦਿੱਲੀ, 17 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਆਂਢੀ ਮੁਲਕਾਂ ਨਾਲ ਵਪਾਰਕ ਅਤੇ ਸੱਭਿਆਚਾਰਕ ਸਬੰਧ ਅਤੇ ਲੋਕਾਂ ਦੇ ਆਪਸੀ ਸੰਪਰਕ ਵਧਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਇੱਕ ਸਬੰਧ ਹੈ, ਕਿਉਂਕਿ ਇਨ੍ਹਾਂ ਵਿਚੋਂ ਕਈ ਇਲਾਕੇ 1947 ਤੋਂ ਪਹਿਲਾਂ ਭਾਰਤ ਦਾ ਹਿੱਸਾ ਸਨ।
ਸ੍ਰੀ ਸ਼ਾਹ ਨੇ 2019 ਵਿੱਚ ਕਰਤਾਰਪੁਰ ਸਾਹਿਬ ਗਲਿਆਰਾ, ਜਿਹੜਾ ਕਿ ਪਾਕਿਸਤਾਨ ਵਾਲੇ ਪੰਜਾਬ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਪੁਰ ਸਾਹਿਬ ਨੂੰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ, ਖੋਲ੍ਹੇ ਜਾਣ ’ਤੇ ਤਸੱਲੀ ਪ੍ਰਗਟਾਉਂਦਿਆਂ ਦਾਅਵਾ ਕੀਤਾ ਕਿ ਉਸ ਸਮੇਂ ਇੱਕ ਗਲਤੀ ਹੋਈ ਸੀ ਅਤੇ ਵੰਡ ਦੌਰਾਨ ਇਸ ਨੂੰ ਭਾਰਤ ਤੋਂ ਬਾਹਰ ਕਰ ਦਿੱਤਾ ਗਿਆ।
ਗ੍ਰਹਿ ਮੰਤਰੀ ਨੇ ਲੈਂਡ ਪੋਰਟ ਅਥਾਰਿਟੀ (ਐੱਲਪੀਏ) ਦੇ ਸਥਾਪਨਾ ਦਿਵਸ ਮੌਕੇ ਇੱਥੇ ਸਮਾਗਮ ਵਿੱਚ ਕਿਹਾ ਕਿ ਭਾਰਤ ਦੀ 15 ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ਹੈ ਤੇ ‘1947 ਤੋਂ ਪਹਿਲਾਂ ਅਸੀਂ ਇਕੱਠੇ ਸੀ।’’ ਉਨ੍ਹਾਂ ਕਿਹਾ, ‘‘ਸਾਡੇ ਸੱਭਿਆਚਾਰ ਇੱਕੋ ਜਿਹੇ ਹਨ, ਅਸੀਂ ਇੱਕੋ ਜਿਹੀਆਂ ਭਾਸ਼ਾਵਾਂ ਬੋਲਦੇ ਹਾਂ, ਸਾਡੇ ਵਿੱਚ ਲਗਾਅ ਹੈ। ਵਪਾਰਕ ਸਬੰਧ, ਸੱਭਿਆਚਾਰਕ ਸਬੰਧ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਦੇ ਮੌਕੇ ਹਨ। ਅਥਾਰਟੀ (ਐੱਲਪੀਏ) ਸਰਹੱਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਗੁਆਂਢੀ ਮੁਲਕਾਂ ਨਾਲ ਵਪਾਰ ਵਧਾ ਸਕਦੀ ਹੈ।’’ ਉਨ੍ਹਾਂ ਮੁਤਾਬਕ, ‘‘ਸਰਹੱਦ ਨੇੜੇ ਰਹਿੰਦੇ ਲੋਕਾਂ ਦਾ ਸੱਭਿਆਚਾਰ, ਭਾਸ਼ਾ ਅਤੇ ਜੀਵਨ ਸ਼ੈਲੀ ਇੱਕੋ ਜਿਹੇ ਹਨ ਅਤੇ ਅਥਾਰਟੀ ਗੁਆਂਂਢੀ ਮੁਲਕਾਂ ਨਾਲ ਸੱਭਿਆਚਾਰਕ ਸਬੰਧਾਂ ਦੀ ਮਜ਼ਬੂਤੀ ਯਕੀਨੀ ਬਣਾ ਸਕਦੀ ਹੈ। ਉਹ ਇਨ੍ਹਾਂ ਦੇਸ਼ਾਂ ਨਾਲ ਰਾਜਨੀਤਕ ਸਬੰਧਾਂ ਤੋਂ ਇਲਾਵਾ ਲੋਕਾਂ ਵਿਚਾਲੇ ਆਪਸੀ ਸੰਪਰਕ ਵਧਾਉਣ ਵਿੱਚ ਮਦਦ ਕਰ ਸਕਦੀ ਹੈ।’’
ਸ਼ਾਹ ਨੇ ਕਿਹਾ ਕਿ ਅਫ਼ਗਾਨਿਸਤਾਨ, ਚੀਨ, ਨੇਪਾਲ, ਭੂਟਾਨ, ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ 15 ਹਜ਼ਾਰ ਕਿਲੋਮੀਟਰ ਸਰਹੱਦਾਂ ਹਰ 50 ਕਿਲੋਮੀਟਰ ’ਤੇ ਵੱਖੋ-ਵੱਖ ਚੁਣੌਤੀ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ, ‘‘ਦੁਨੀਆ ਵਿੱਚ ਮੁਸ਼ਕਲ ਸ਼ਾਇਦ ਹੀ ਅਜਿਹਾ ਕੋਈ ਦੇਸ਼ ਹੋਵੇਗਾ, ਜਿਸ ਦੀਆਂ ਜ਼ਮੀਨੀ ਸਰਹੱਦਾਂ ’ਤੇ ਇੰਨੀਆਂ ਚੁਣੌਤੀਆਂ ਹਨ ਅਤੇ ਨਾਲ ਹੀ ਭਾਰਤੀ ਸਰਹੱਦਾਂ ਵਾਂਗ ਇੰਨੇ ਮੌਕੇ ਹਨ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ‘ਆਤਮਨਿਰਭਰ ਭਾਰਤ’ ਦੇ ਸਫ਼ਰ ’ਤੇ ਅੱਗੇ ਵਧ ਰਿਹਾ ਹੈ ਅਤੇ ਭਾਰਤ ਕਈ ਚੀਜ਼ਾਂ ਦੇ ਨਿਰਮਾਣ ਨਾਲ ਅਗਲੇ 10 ਸਾਲਾਂ ਵਿੱਚ ਦੁਨੀਆ ਦੇ ਸਿਖਰਲੇ ਮੁਲਕ ਵਿੱਚ ਸ਼ਾਮਲ ਹੋਵੇਗਾ। -ਪੀਟੀਆਈ
ਵਪਾਰਕ ਗਲਿਆਰੇ ਰਾਹੀਂ ਭਾਰਤ-ਬੰਗਲਾਦੇਸ਼ ਵਿਚਾਲੇ ਵਪਾਰ ਵਧਿਆ
ਉਨ੍ਹਾਂ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇੱਕ ਵਪਾਰਕ ਗਲਿਆਰਾ ਬਣਨ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਧਿਆ ਹੈ। ਭਾਰਤ ਅਤੇ ਚੀਨ ਅਜਿਹੇ ਮੁਲਕ ਹਨ, ਜਿਨ੍ਹਾਂ ਨੇ ਸਦੀਆਂ ਤੋਂ ਅਜਿਹੇ ਵਪਾਰਕ ਗਲਿਆਰਿਆਂ ਦੀ ਵਰਤੋਂ ਕੀਤੀ ਹੈ। ਸ਼ਾਹ ਨੇ ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਨੂੰ 50 ਹਜ਼ਾਰ ਟਨ ਕਣਕ ਭੇਜੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਵੇਂ ਇਹ ਖੇਪ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਇੱਕ ਤੋਹਫ਼ਾ ਹੈ, ਪਰ ਭਵਿੱਖ ਵਿੱਚ ਇਸ ਮਾਰਗ ਦੀ ਵਰਤੋਂ ਵਪਾਰ ਲਈ ਵੀ ਕੀਤੀ ਜਾ ਸਕਦੀ ਹੈ।