ਸ੍ਰੀਨਗਰ, 28 ਅਪਰੈਲ
ਦੇਸ਼ ’ਚ ਵਧ ਰਹੀ ਅਸਹਿਣਸ਼ੀਲਤਾ ਦਾ ਹਵਾਲਾ ਦਿੰਦਿਆਂ 2019 ’ਚ ਸਰਕਾਰੀ ਨੌਕਰੀ ਛੱਡ ਕੇ ਸਿਆਸੀ ਪਾਰਟੀ ਬਣਾਉਣ ਵਾਲੇ ਸਾਬਕਾ ਆਈਏਐੱਸ ਅਫ਼ਸਰ ਸ਼ਾਹ ਫ਼ੈਸਲ ਮੁੜ ਸੇਵਾ ’ਚ ਆ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਫ਼ੈਸਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਸੀ ਅਤੇ ਹੁਣ ਉਹ ਪੋਸਟਿੰਗ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਹੈ। ਜੰਮੂ ਕਸ਼ਮੀਰ ਤੋਂ ਯੂਪੀਐੱਸਸੀ ਦੇ ਪਹਿਲੇ ਟਾਪਰ ਫ਼ੈਸਲ ਨੇ ਬੁੱਧਵਾਰ ਨੂੰ ਸਰਕਾਰੀ ਨੌਕਰੀ ’ਚ ਪਰਤਣ ਦੇ ਸੰਕੇਤ ਦਿੱਤੇ ਸਨ। ਉਸ ਨੇ ਟਵੀਟ ਕਰਕੇ ਕਿਹਾ,‘‘ਮੇਰੇ ਜੀਵਨ ਦੇ ਅੱਠ ਮਹੀਨੇ ਇੰਨੇ ਬੋਝਲ ਸਨ ਕਿ ਮੈਂ ਤਕਰੀਬਨ ਖ਼ਤਮ ਹੋ ਗਿਆ ਸੀ। ਸੁਫ਼ਨਿਆਂ ਦਾ ਪਿੱਛਾ ਕਰਦਿਆਂ ਮੈਂ ਬੀਤੇ ਸਾਲਾਂ ’ਚ ਬਣਾਇਆ ਆਪਣਾ ਤਕਰੀਬਨ ਸਭ ਕੁਝ ਗੁਆ ਲਿਆ ਸੀ। ਨੌਕਰੀ, ਦੋਸਤ, ਰੁਤਬਾ, ਲੋਕਾਂ ਦਾ ਪਿਆਰ। ਪਰ ਮੈਂ ਕਦੇ ਵੀ ਆਸ ਨਹੀਂ ਛੱਡੀ ਸੀ। ਮੇਰੇ ਆਦਰਸ਼ਵਾਦ ਨੇ ਮੈਨੂੰ ਢਾਹ ਲਾਈ।’’ -ਪੀਟੀਆਈ