ਸ੍ਰੀਨਗਰ, 10 ਅਗਸਤ
ਆਈਏਐੱਸ ਅਫਸਰ ਤੋਂ ਸਿਆਸਤਦਾਨ ਬਣੇ ਸ਼ਾਹ ਫੈਸਲ ਨੇ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ (ਜੇਕੇਪੀਐੱਮ) ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫੈਸਲ ਨੇ ਐਤਵਾਰ ਨੂੰ ਟਵਿੱਟਰ ’ਤੇ ਆਪਣੇ ਨਿੱਜੀ ਵੇਰਵਿਆਂ ਵਿੱਚ ਤਬਦੀਲੀ ਕਰਦਿਆਂ ਸਿਆਸਤ ਤੋਂ ਲਾਂਭੇ ਹੋਣ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਆਪਣੇ ਟਵਿੱਟਰ ਖਾਤੇ ਤੋਂ ਸਾਰੇ ਸਿਆਸੀ ਸਬੰਧਾਂ ਬਾਰੇ ਵੇਰਵੇ ਹਟਾ ਲਏ ਹਨ। ਇਸ ਬਾਰੇ ਟਿੱਪਣੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਾਰਟੀ ਵਲੋਂ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਕਿ ਜੇਕੇਪੀਐੱਮ ਕਾਰਜਕਾਰੀ ਕਮੇਟੀ ਦੀ ਅੱਜ ਆਨਲਾਈਨ ਬੈਠਕ ਵਿੱਚ ਸੂਬੇ ਦੀਆਂ ਸਿਆਸੀ ਗਤੀਵਿਧੀਆਂ ’ਤੇ ਚਰਚਾ ਹੋਈ। ਜੇਕੇਪੀਐੱਮ ਨੇ ਕਿਹਾ, ‘‘ਬੈਠਕ ਵਿੱਚ ਡਾ. ਸ਼ਾਹ ਫੈਸਲ ਵਲੋਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਬਾਰੇ ਕੀਤੀ ਬੇਨਤੀ ’ਤੇ ਚਰਚਾ ਹੋਈ। ਡਾ. ਫੈਸਲ ਨੇ ਪਹਿਲਾਂ ਸੂਬਾ ਕਾਰਜਕਾਰੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੀਆਂ ਸਿਆਸੀ ਗਤੀਵਿਧੀਆਂ ਜਾਰੀ ਰੱਖਣ ਦੀ ਸਥਿਤੀ ਵਿੱਚ ਨਹੀਂ ਹਨ ਅਤੇ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦੇ ਹਨ।’’ ਪਾਰਟੀ ਨੇ ਅੱਗੇ ਕਿਹਾ, ‘‘ਉਨ੍ਹਾਂ ਦੀ ਬੇਨਤੀ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।’’ ਜੇਕੇਪੀਐੱਮ ਨੇ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਰਸਮੀ ਚੋਣ ਹੋਣ ਤੱਕ ਪਾਰਟੀ ਦੇ ਉਪ-ਪ੍ਰਧਾਨ ਫ਼ਿਰੋਜ਼ ਪੀਰਜ਼ਾਦਾ ਨੂੰ ਸਰਬਸਮੰਤੀ ਨਾਲ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਨੇ ਪਾਰਟੀ ਦੇ ਚੇਅਰਮੈਨ ਜਾਵੇਦ ਮੁਸਤਫ਼ਾ ਮੀਰ, ਜੋ ਸਾਬਕਾ ਵਿਧਾਇਕ ਹਨ, ਦਾ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਹੈ।
ਸੂਤਰਾਂ ਅਨੁਸਾਰ ਸ਼ਾਹ ਫੈਸਲ ਦੀ ਪ੍ਰਸ਼ਾਸਨ ਵਿੱਚ ਮੁੜ ਵਾਪਸੀ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਹੈ। ਦਿਲਚਸਪ ਗੱਲ ਹੈ ਕਿ ਫੈਸਲ ਵਲੋਂ ਅਸਤੀਫ਼ਾ ਦੇਣ ਅਤੇ ਆਪਣੀ ਸਿਆਸੀ ਪਾਰਟੀ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ (ਜੇਕੇਪੀਐੱਮ) ਬਣਾਉਣ ਦੇ ਬਾਵਜੂਦ ਉਨ੍ਹਾਂ ਦਾ ਨਾਮ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਤੋਂ ਜੰਮੂ ਕਸ਼ਮੀਰ ਕਾਡਰ ਦੇ ਆਈਏਐੱਸ ਅਫਸਰਾਂ ਦੀ ਸੂਚੀ ’ਚੋਂ ਹਟਾਇਆ ਨਹੀਂ ਗਿਆ ਸੀ। ਫੈਸਲ ਨੇ ਐਤਵਾਰ ਨੂੰ ਆਪਣੇ ਟਵਿੱਟਰ ਖਾਤੇ ਤੋਂ ਆਪਣੇ ਸਿਆਸੀ ਵੇਰਵੇ ਹਟਾ ਲਏ, ਜਿਸ ਤੋਂ ਉਨ੍ਹਾਂ ਦੀ ਪ੍ਰਸ਼ਾਸਨ ਵਿੱਚ ਵਾਪਸੀ ਦੇ ਸੰਕੇਤ ਮਿਲੇ ਹਨ। ਦੱਸਣਯੋਗ ਹੈ ਕਿ 2010 ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ ਅੱਵਲ ਰਹੇ ਫੈਸਲ ਨੂੰ ਉਨ੍ਹਾਂ ਦਾ ਜੱਦੀ ਜੰਮੂ ਕਸ਼ਮੀਰ ਕਾਡਰ ਅਲਾਟ ਕੀਤਾ ਗਿਆ ਸੀ। ਇਮਾਨਦਾਰ ਅਤੇ ਅਸੂਲਾਂ ਦੇ ਪੱਕੇ ਅਫ਼ਸਰ ਫੈਸਲ ਨੇ 2018 ਵਿੱਚ ਜਦੋਂ ਅਸਤੀਫ਼ਾ ਦਿੱਤਾ ਸੀ ਤਾਂ ਉਨ੍ਹਾਂ ਦੇ ਸ਼ੁਭਚਿੰਤਕਾਂ ਨੇ ਚੌਕਸ ਕੀਤਾ ਸੀ ਕਿ ਸਿਆਸਤ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਸੂਤਰਾਂ ਅਨੁਸਾਰ ਸਰਕਾਰ ਨੇ ‘ਫੈਸਲ ਨੂੰ ਸੰਕੇਤ ਦਿੱਤੇ ਹਨ ਕਿ ਉਹ ਉਨ੍ਹਾਂ ਦੀ ਸਿਵਲ ਸੇਵਾਵਾਂ ਵਿੱਚ ਵਾਪਸੀ ਖ਼ਿਲਾਫ਼ ਨਹੀਂ ਹੈ।’ ਜੇਕਰ ਉਹ ਵਾਪਸੀ ਕਰਦੇ ਹਨ ਤਾਂ ਉਹ ਜੰਮੂ ਕਸ਼ਮੀਰ ਵਿੱਚ ਸਭ ਤੋਂ ਛੋਟੇ ਸਿਆਸੀ ਕਰੀਅਰ ਦਾ ਰਿਕਾਰਡ ਕਾਇਮ ਕਰਨਗੇ।
-ਪੀਟੀਆਈ/ਆਈਏਐੱਨਐੱਸ