ਸ੍ਰੀਨਗਰ, 10 ਅਗਸਤ
ਪਿਛਲੇ ਸਾਲ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਤੋਂ ਅਸਤੀਫ਼ਾ ਦੇ ਕੇ ਜੰਮੂ ਤੇ ਕਸ਼ਮੀਰ ਪੀਪਲਜ਼ ਮੂਵਮੈਂਟ (ਜੇਕੇਪੀਐੱਮ) ਨਾਂ ਦੀ ਪਾਰਟੀ ਬਣਾਉਣ ਵਾਲੇ ਡਾ. ਸ਼ਾਹ ਫ਼ੈਸਲ ਨੇ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਫੈਸਲ ਨੇ ਐਤਵਾਰ ਨੂੰ ਟਵਿੱਟਰ ’ਤੇ ਆਪਣੀ ਨਿੱਜੀ ਤਫ਼ਸੀਲ ’ਚ ਫੇਰਬਦਲ ਕਰਕੇ ਸਿਆਸਤ ਤੋਂ ਲਾਂਭੇ ਹੋਣ ਦਾ ਸੰਕੇਤ ਦੇ ਦਿੱਤਾ ਸੀ। ਸੂਤਰਾਂ ਮੁਤਾਬਕ ਫੈਸਲ ਭਾਰਤੀ ਪ੍ਰਸ਼ਾਸਨਿਕ ਸੇਵਾ ਨੂੰ ਮੁੜ ਜੁਆਇਨ ਕਰ ਸਕਦਾ ਹੈ ਕਿਉਂਕਿ ਉਸ ਵੱਲੋਂ ਦਿੱਤਾ ਅਸਤੀਫ਼ਾ ਮਨਜ਼ੂਰ ਜਾਂ ਨਾਮਨਜ਼ੂਰ ਕੀਤੇ ਜਾਣ ਬਾਰੇ ਸਥਿਤੀ ਅਜੇ ਅਸਪਸ਼ਟ ਹੈ। ਜੇਕੇਪੀਐੱਮ ਕਾਰਜਕਾਰੀ ਕਮੇਟੀ ਦੀ ਅੱਜ ਹੋਈ ਆਨਲਾਈਨ ਮੀਟਿੰਗ ਵਿੱਚ ਫੈਸਲ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਤੋਂ ਫ਼ਾਰਗ ਕਰਦਿਆਂ ਉਹਦੇ ਅਸਤੀਫ਼ੇ ਨੂੰ ਸਵੀਕਾਰ ਕਰ ਲਿਆ ਗਿਆ। ਨਵੇਂ ਪ੍ਰਧਾਨ ਦੀ ਚੋਣ ਤਕ ਉਪ ਪ੍ਰਧਾਨ ਫਿਰੋਜ਼ ਪੀਰਜ਼ਾਦਾ ਅੰਤਰਿਮ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਣਗੇ।