ਲਖਨਊ, 1 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਨੂੰ ਅਮਨੋ-ਅਮਾਨ ਦੇ ਮਾਮਲੇ ’ਚ ਮੋਹਰੀ ਸੂਬਿਆਂ ’ਚ ਖੜ੍ਹਾ ਕਰਨ ਲਈ ਯੋਗੀ ਅਦਿੱਤਿਆਨਾਥ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉੱਤਰ ਪ੍ਰਦੇਸ਼ ਫੋਰੈਂਸਿਕ ਸਾਇੰਸਿਜ਼ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਣ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਸਰਕਾਰਾਂ ਬੇਹੱਦ ਗਰੀਬਾਂ ਦੇ ਵਿਕਾਸ ਲਈ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ,‘‘ਸਾਲ 2019 ਤੱਕ ਛੇ ਸਾਲਾਂ ਦੌਰਾਨ ਮੈਂ ਯੂਪੀ ਦੇ ਜ਼ਿਆਦਾਤਰ ਇਲਾਕਿਆਂ ਦਾ ਦੌਰਾ ਕੀਤਾ ਸੀ। ਪੱਛਮੀ ਯੂਪੀ ’ਚ ਡਰ ਦਾ ਮਾਹੌਲ ਸੀ ਅਤੇ ਲੋਕ ਇਲਾਕੇ ਖਾਲੀ ਕਰਦੇ ਜਾ ਰਹੇ ਸਨ। ਮਹਿਲਾਵਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਸਨ, ਭੂ ਮਾਫ਼ੀਆ ਗਰੀਬਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਰਿਹਾ ਸੀ ਅਤੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਸਨ ਅਤੇ ਦੰਗੇ ਹੁੰਦੇ ਰਹਿੰਦੇ ਸਨ।’’ ਸਾਲ 2017 ’ਚ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਯੂਪੀ ਨੂੰ ਵਿਕਸਤ ਸੂਬੇ ਵਜੋਂ ਬਣਾਇਆ ਜਾਵੇਗਾ ਅਤੇ ਅਮਨ ਕਾਨੂੰਨ ਦੀ ਹਾਲਤ ’ਚ ਸੁਧਾਰ ਕੀਤਾ ਜਾਵੇਗਾ। ‘ਅੱਜ 2021 ’ਚ ਮੈਂ ਆਖ ਸਕਦਾ ਹਾਂ ਕਿ ਯੋਗੀ ਅਦਿੱਤਿਆਨਾਥ ਅਤੇ ਉਸ ਦੀ ਟੀਮ ਨੇ ਯੂਪੀ ਨੂੰ ਅਮਨ-ਅਮਾਨ ਦੇ ਮਾਮਲੇ ’ਚ ਮੋਹਰੀ ਸੂਬਾ ਬਣਾ ਦਿੱਤਾ ਹੈ।’ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰਾਂ ਜਾਤਾਂ, ਪਰਿਵਾਰਾਂ ਜਾਂ ਆਪਣੇ ਨੇੜਲਿਆਂ ਲਈ ਕੰਮ ਨਹੀਂ ਕਰਦੀਆਂ ਹਨ ਸਗੋਂ ਉਹ ਗਰੀਬਾਂ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਸੂਬੇ ’ਚ ਵਿਕਾਸ ਅਤੇ ਭਲਾਈ ਯੋਜਨਾਵਾਂ ਢੁੱਕਵੇਂ ਢੰਗ ਨਾਲ ਲਾਗੂ ਕਰਨ ਦਾ ਸਿਹਰਾ ਯੋਗੀ ਦੇ ਸਿਰ ’ਤੇ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸੂਬੇ ’ਚ 44 ਵਿਕਾਸ ਯੋਜਨਾਵਾਂ ਚੱਲ ਰਹੀਆਂ ਹਨ ਅਤੇ ਯੂਪੀ ਦੇਸ਼ ’ਚ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਅਕਸਰ ਦੋ ਕਾਰਨਾਂ ਕਰਕੇ ਬਦਨਾਮ ਕੀਤਾ ਜਾਂਦਾ ਹੈ। ਇਕ ਕਾਰਵਾਈ ਨਾ ਕਰਨ ਅਤੇ ਦੂਜੀ ਸਖ਼ਤ ਕਾਰਵਾਈ ਕਰਨ ਲਈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸਹੀ ਦਿਸ਼ ਵੱਲ ਵਧਦਿਆਂ ਸਿਰਫ਼ ਸਹੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਫੋਰੈਂਸਿਕ ਇੰਸਟੀਚਿਊਟ ਖੁੱਲ੍ਹਣ ਨਾਲ ਸੂਬੇ ਦੇ ਬੱਚੇ ਆਪਣਾ ਕਰੀਅਰ ਬਣਾ ਸਕਣਗੇ ਅਤੇ ਉਹ ਖੋਜ ਦਾ ਹਿੱਸਾ ਬਣ ਕੇ ਦੇਸ਼ ਦੇ ਅਮਨ-ਕਾਨੂੰਨ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਣਗੇ।
ਆਪਣੇ ਸੰਬੋਧਨ ’ਚ ਯੋਗੀ ਨੇ ਕਿਹਾ ਕਿ ਜਿਸ ਜ਼ਮੀਨ ’ਤੇ ਇੰਸਟੀਚਿਊਟ ਬਣਨਾ ਹੈ, ਉਸ ਨੂੰ ਭੂ ਮਾਫ਼ੀਆ ਦੇ ਕਬਜ਼ੇ ’ਚੋਂ ਛੁਡਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਫ਼ੀਆ ਅਤੇ ਗੈਂਗਸਟਰਾਂ ਦੀਆਂ 1,584 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ। -ਪੀਟੀਆਈ
ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਹਾਲ ਚਾਲ ਜਾਨਣ ਲਈ ਲਖਨਊ ਪੁੱਜੇ ਅਮਿਤ ਸ਼ਾਹ
ਲਖਨਊ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਥੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਪੁੱਜੇ। ਕਲਿਆਣ ਸਿੰਘ (89) ਰਾਜਸਥਾਨ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਵੱਖ ਵੱਖ ਸਿਹਤ ਸਮੱਸਿਆਵਾਂ ਦੇ ਚਲਦਿਆਂ ਚਾਰ ਜੁਲਾਈ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਪ੍ਰਸ਼ਾਸਨ ਅਨੁਸਾਰ ਸ੍ਰੀ ਸ਼ਾਹ, ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨੰਦ, ਮੈਡੀਕਲ ਸਿੱਖਿਆ ਮੰਤਰੀ ਸੁਰੇਸ਼ ਖੰਨਾ ਸਣੇ ਹਸਪਤਾਲ ਪੁੱਜੇ। ਉਨ੍ਹਾਂ ਇੱਥੇ ਕਲਿਆਣ ਸਿੰਘ ਦੀ ਸਿਹਤ ਦਾ ਹਾਲ ਚਾਲ ਜਾਣਿਆ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ। ਹਸਪਤਾਲ ਮੁਤਾਬਕ ਕਲਿਆਣ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਪਰ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਨੂੰ ਅਜੇ ਜੀਵਨ ਰੱਖਿਅਕ ਪ੍ਰਣਾਲੀ ’ਤੇ ਰੱਖਿਆ ਹੋਇਆ ਹੈ। ਡਾਕਟਰ ਉਨ੍ਹਾਂ ਦੀ ਹਾਲਤ ਨੂੰ ਧਿਆਨ ਨਾਲ ਦੇਖ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਲਈ ਕਈ ਤਰ੍ਹਾਂ ਦੇ ਸੀਨੀਅਰ ਡਾਕਟਰ ਨਜ਼ਰ ਰੱਖ ਰਹੇ ਹਨ। ਅਦਾਰੇ ਦੇ ਡਾਇਰੈਕਟਰ ਪ੍ਰੋ. ਆਰ ਕੇ ਧੀਮਾਨ ਉਨ੍ਹਾਂ ਦੀ ਦਵਾਈ ਸਬੰਧੀ ਰੋਜ਼ਾਨਾ ਨਿਗਰਾਨੀ ਕਰ ਰਹੇ ਹਨ। ਸ੍ਰੀ ਸ਼ਾਹ ਇਸ ਫੇਰੀ ਦੌਰਾਨ ਸੂਬੇ ਵਿਚ ਚਲਦੇ ਵੱਖ ਵੱਖ ਵਿਕਾਸ ਕਾਰਜਾਂ ਸਬੰਧੀ ਵੀ ਚਰਚਾ ਕਰਨਗੇ। -ਪੀਟੀਆਈ