ਨਵੀਂ ਦਿੱਲੀ, 13 ਮਈ
ਮੁੱਖ ਅੰਸ਼
- ਨਾਜਾਇਜ਼ ਉਸਾਰੀਆਂ ਦੀ ਆਗਿਆ ਦੇਣ ਵਾਲਿਆਂ ਦੀ ਜਵਾਬਦੇਹੀ ਮੰਗੀ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਸ਼ਾਸਿਤ ਤਿੰਨ ਨਗਰ ਨਿਗਮਾਂ ਵੱਲੋਂ ਚਲਾਈ ਜਾ ਰਹੀ ਕਬਜ਼ਾ ਵਿਰੋਧੀ ਮੁਹਿੰਮ ਕਾਰਨ ਸ਼ਹਿਰ ਵਿੱਚ ਹੋ ਰਹੀ ਭੰਨਤੋੜ ਰੋਕਣ ਦੀ ਅਪੀਲ ਕੀਤੀ ਹੈ।
ਸਿਸੋਦੀਆ ਨੇ ਆਨਲਾਈਨ ਪੱਤਰਕਾਰ ਸੰਮੇਲਨ ਵਿੱਚ ਭਾਜਪਾ ’ਤੇ ਉਸ ਦੀ ‘ਬੁਲਡੋਜ਼ਰ ਰਾਜਨੀਤੀ’ ਨੂੰ ਲੈ ਕੇ ਨਿਸ਼ਾਨਾ ਸੇਧਿਆ ਅਤੇ ਦਾਅਵਾ ਕੀਤਾ ਕਿ ਨਗਰ ਨਿਗਮਾਂ ਨੇ 63 ਲੱਖ ਮਕਾਨ ਤੋੜਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ, ‘‘ਇਸ ਵਿੱਚ 60 ਲੱਖ ਮਕਾਨ ਵੱਖ-ਵੱਖ ਅਣਅਧਿਕਾਰਤ ਕਲੋਨੀਆਂ ਵਿੱਚ ਹਨ, ਜਦਕਿ ਤਿੰਨ ਲੱਖ ਮਕਾਨ ਅਜਿਹੇ ਹਨ, ਜਿਨ੍ਹਾਂ ਦੇ ਛੱਜੇ ਤੈਅ ਹੱਦ ਤੋਂ ਬਾਹਰ ਹਨ। ਸਾਨੂੰ ਪਤਾ ਲੱਗਾ ਹੈ ਕਿ ਇਸ ਸਬੰਧੀ ਨੋਟਿਸ ਵੀ ਭੇਜੇ ਗਏ ਹਨ।’’
ਸ੍ਰੀ ਸਿਸੋਦੀਆ ਨੇ ਕਿਹਾ, ‘‘ਇਸ ਭੰਨਤੋੜ ਨਾਲ ਦਿੱਲੀ ਦੀ 70 ਫ਼ੀਸਦੀ ਆਬਾਦੀ ਬੇਘਰ ਹੋ ਜਾਵੇਗੀ।’’ ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਇਸ ਭੰਨਤੋੜ ਦਾ ਵਿਰੋਧ ਕਰਦੀ ਹੈ ਅਤੇ ਮੈਂ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਮਾਮਲੇ ਵਿੱਚ ਦਖਲ ਮੰਗਿਆ ਹੈ।’’ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਵੇ, ਤਾਂ ਉਹ ਤਿਆਰ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਉਨ੍ਹਾਂ ਪੱਤਰ ਲਿਖ ਕਿ ਕਿਹਾ ਹੈ ਕਿ ਇਹ (ਭੰਨਤੋੜ) ਰੋਕੀ ਜਾਣੀ ਚਾਹੀਦੀ ਹੈ। ਜੇਕਰ ਬੁਲਡੋਜ਼ਰ ਚਲਾਉਣਾ ਹੈ ਤਾਂ ਉਨ੍ਹਾਂ ਭਾਜਪਾ ਨੇਤਾਵਾਂ ਅਤੇ ਨਗਰ ਨਿਗਮ ਨੁਮਾਇੰਦਿਆਂ ਦੇ ਰਿਹਾਇਸ਼ ’ਤੇ ਚਲਾਓ, ਜਿਨ੍ਹਾਂ ਨੇ ਅਜਿਹੀਆਂ ਉਸਾਰੀਆਂ ਲਈ ਰਿਸ਼ਵਤ ਲਈ ਸੀ।’’ ਸਿਸੋਦੀਆ ਨੇ ਪੱਤਰ ਵਿੱਚ ਦਾਅਵਾ ਕੀਤਾ ਕਿ ਸ਼ਹਿਰ ਵਿੱਚ 1,750 ਅਣਅਧਿਕਾਰਤ ਕਲੋਨੀਆਂ ਹਨ, ਜਿੱਥੇ ਲਗਭਗ 50 ਲੱਖ ਲੋਕ ਰਹਿੰਦੇ ਹਨ। ਜਦਕਿ 860 ਝੁੱਗੀਆਂ-ਝੌਂਪੜੀਆਂ ਵਾਲੇ ਇਲਾਕੇ ਹਨ, ਜਿਨ੍ਹਾਂ ਵਿੱਚ ਲਗਭਗ 10 ਲੱਖ ਲੋਕ ਰਹਿੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਲੰਘੇ 17 ਸਾਲਾਂ ਵਿੱਚ ਨਗਰ ਨਿਗਮਾਂ ਦੇ ਕੌਂਸਲਰਾਂ, ਅਧਿਕਾਰੀਆਂ ਤੇ ਮੇਅਰਾਂ ਨੇ ਝੁੱਗੀਆਂ-ਝੌਪੜੀਆਂ ਬਣਾਉਣ ਦੀ ਆਗਿਆ ਦੇਣ ਅਤੇ ਅਣਅਧਿਕਾਰਤ ਕਲੋਨੀ ਵਿੱਚ ਜ਼ਮੀਨ ਦਿਵਾਉਣ ਲਈ ਰਿਸ਼ਵਤ ਲਈ ਸੀ। ਹੁਣ ਜਦੋਂ ਨਗਰ ਨਿਗਮਾਂ ਵਿੱਚ ਭਾਜਪਾ ਦਾ ਸ਼ਾਸਨ ਖਤਮ ਦਾ ਖਤਰਾ ਹੈ, ਤਾਂ ਉਹ ਲੋਕਾਂ ਦੇ ਘਰਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਜਵਾਬਦੇਹੀ ਤੈਅ ਨਹੀਂ ਹੁੰਦੀ ‘ਬੁਲਡੋਜ਼ਰ ਰਾਜਨੀਤੀ’ ਨੂੰ ਪੂਰੀ ਤਰ੍ਹਾ ਰੋਕੀ ਜਾਣੀ ਚਾਹੀਦੀ ਹੈ। -ਪੀਟੀਆਈ
ਰੋਹਿੰਗੀਆ ਤੇ ਬੰਗਲਾਦੇਸ਼ੀਆਂ ਦੇ ਕਬਜ਼ੇ ਹਟਾਉਣ ਕਾਰਨ ਚਿੰਤਤ ਸਿਸੋਦੀਆ: ਗੁਪਤਾ
ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਧਾਨ ਅਦੇਸ਼ ਗੁਪਤਾ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ ਪਲਟਵਾਰ ਕਰਦਿਆਂ ਕਿਹਾ ਕਿ ‘ਆਪ’ ਕਬਜ਼ਾ ਛੁਡਾਊ ਮੁਹਿੰਮ ਤੋਂ ਚਿੰਤਤ ਹਨ, ਕਿਉਂਕਿ ਰੋਹਿੰਗੀਆ ਮੁਸਲਮਾਨਾਂ ਤੇ ਬੰਗਲਦੇਸ਼ੀਆਂ ਦੀਆਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਨੇ ‘ਪਨਾਹ’ ਦਿੱਤੀ ਹੈ। ਸਿਸੋਦੀਆ’ਤੇ ਨਿਸ਼ਾਨਾ ਸੇਧਦਿਆਂ ਗੁਪਤਾ ਨੇ ਕਿਹਾ, ‘‘ਮੈਂ ਤੁਹਾਡੀ ਪੀੜ ਤੇ ਘਬਰਾਹਟ ਸਮਝ ਸਕਦਾ ਹਾਂ, ਕਿਉਂਕਿ ਉਨ੍ਹਾਂ ਰੋਹਿੰਗੀਆ ਮੁਸਲਮਾਨਾਂ ਅਤੇ ਬੰਗਲਦੇਸ਼ੀਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ, ਜਿਹੜੇ ਦੰਗਿਆਂ ਅਤੇ ਅਪਰਾਧਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਬਾਅਦ ਵਿੱਚ ‘ਆਪ’ ਵਿਧਾਇਕਾਂ ਵੱਲੋਂ ਪਨਾਹ ਦਿੱਤੀ ਜਾਂਦੀ ਹੈ।’’ -ਪੀਟੀਆਈ
‘ਆਪ’ ਵੱਲੋਂ ਆਦੇਸ਼ ਗੁਪਤਾ ਦੇ ਘਰ ਤੇ ਦਫ਼ਤਰ ਵਿੱਚ ‘ਨਾਜਾਇਜ਼ ਉਸਾਰੀ’ ਢਾਹੁਣ ਲਈ ਅਲਟੀਮੇਟਮ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਅੱਜ ਕਥਿਤ ਦੋਸ਼ ਲਾਇਆ ਕਿ ਦਿੱਲੀ ਦੇ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੇ ਰਿਹਾਇਸ਼ ਅਤੇ ਦਫ਼ਤਰ ਵਿੱਚ ਕੁਝ ਹਿੱਸਿਆਂ ਨਾਜਾਇਜ਼ ਉਸਾਰੀ ਕੀਤੀ ਗਈ ਹੈ। ‘ਆਪ’ ਨੇ ਇਸ ਦੇ ਨਾਲ ਹੀ ਭਾਜਪਾ ਸ਼ਾਸਿਤ ਨਗਰ ਨਿਗਮ ਤੋਂ ਉਨ੍ਹਾਂ ‘ਨਾਜਾਇਜ਼’ ਉਸਾਰੀਆਂ ਨੂੰ ਸ਼ਨਿਚਵਾਰ 11 ਵਜੇ ਤੱਕ ਢਾਹੁਣ ਮੰਗ ਕੀਤੀ ਅਤੇ ਅਜਿਹਾ ਨਾ ਹੋਣ ’ਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਚਿਤਾਵਨੀ ਦਿੱਤੀ ਹੈ। ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ‘ਆਪ’ ਦੇ ਸੀਨੀਅਰ ਨੇਤਾ ਦੁਰਗੇਸ਼ ਪਾਠਕ ਨੇ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਨੇ ਹਾਲ ’ਚ ਹੀ ਗੁਪਤਾ ਦੀ ਰਿਹਾਇਸ਼ ਵਿੱਚ ਅਣਿਅਧਿਕਾਰਤ ਉਸਾਰੀ ਦੀ ਖ਼ਬਰ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਭਾਜਪਾ ਪ੍ਰਧਾਨ ਦਾ ਪੱਛਮੀ ਪਟੇਲ ਨਗਰ ਸਥਿਤ ‘ਰਾਜਨੀਤਕ ਦਫ਼ਤਰ’ ਵੀ ‘ਨਾਜਾਇਜ਼ ਉਸਾਰੀ’ ਹੈ। ਪਾਠਕ ਨੇ ਦਾਅਵਾ ਕੀਤਾ ਕਿ ਇਸ ਦੀ ਉਸਾਰੀ ਨਗਰ ਨਿਗਮ ਵੱਲੋਂ ਚਲਾਏ ਜਾਂਦੇ ਪ੍ਰਾਇਮਰੀ ਸਕੂਲ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਕੀਤੀ ਗਈ ਹੈ। ਦੁਰਗੇਸ਼ ਪਾਠਕ ਮੁਤਾਬਕ ਉਨ੍ਹਾਂ ਦੀ ਪਾਰਟੀ ਨੇ ਇਸ ਤੋਂ ਪਹਿਲਾਂ ਸਬੰਧਤ ਮੇਅਰ ਤੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਗੁਪਤਾ ਦੀ ਰਿਹਾਇਸ਼ ਅਤੇ ਦਫ਼ਤਰ ਵਿੱਚ ਕਥਿਤ ਅਣਅਧਿਕਾਰਤ ਉਸਾਰੀ ਦੀ ਜਾਂਚ ਮੰਗੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। -ਪੀਟੀਆਈ