ਨਵੀਂ ਦਿੱਲੀ, 13 ਨਵੰਬਰ
‘ਟਵਿੱਟਰ’ ਨੇ ਅੱਜ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਕਾਊਂਟ ਆਰਜ਼ੀ ਤੌਰ ’ਤੇ ਇਕ ‘ਤਕਨੀਕੀ ਖਰਾਬੀ’ ਕਾਰਨ ਲੌਕ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੀ ਖ਼ਰਾਬੀ ਪਹਿਲਾਂ ਕਦੇ ਨਹੀਂ ਆਈ ਤੇ ਤੁਰੰਤ ਇਸ ਨੂੰ ਸਹੀ ਕੀਤਾ ਗਿਆ। ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਅਕਾਊਂਟ ਹੁਣ ਪੂਰੀ ਤਰ੍ਹਾਂ ਚੱਲ ਰਿਹਾ ਹੈ। ਟਵਿੱਟਰ ਨੇ ਵੀਰਵਾਰ ਸ਼ਾਹ ਦੀ ਅਕਾਊਂਟ ’ਤੇ ਲੱਗੀ ਫੋਟੋ ਹਟਾ ਲਈ ਸੀ। ਇਸ ਲਈ ‘ਕਾਪੀਰਾਈਟ ਹੋਲਡਰ ਵੱਲੋਂ ਕੀਤੀ ਰਿਪੋਰਟ’ ਦਾ ਹਵਾਲਾ ਦਿੱਤਾ ਗਿਆ ਸੀ। ਸ਼ਾਹ ਦੀ ਤਸਵੀਰ ਉਤੇ ਕਲਿੱਕ ਕਰਨ ’ਤੇ ਖਾਲੀ ਪੇਜ ਆ ਰਿਹਾ ਸੀ। ਇਸ ਦੇ ਨਾਲ ਸੁਨੇਹਾ ਲਿਖਿਆ ਆ ਰਿਹਾ ਸੀ ‘ਕੋਈ ਮੀਡੀਆ ਮੌਜੂਦ ਨਹੀਂ ਹੈ।’ ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਦੇ ਮਾਈਕਰੋਬਲੌਗਿੰਗ ਪਲੈਟਫਾਰਮ ਉਤੇ ਕਰੋੜਾਂ ਫਾਲੋਅਰਜ਼ ਹਨ। ਇਹ ਘਟਨਾ ਉਦੋਂ ਵਾਪਰੀ ਹੈ ਜਦ ਲੇਹ ਨੂੰ ਜੰਮੂ-ਕਸ਼ਮੀਰ ਦਾ ਹਿੱਸਾ ਦਿਖਾਉਣ ’ਤੇ ਸਰਕਾਰ ਨੇ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਲੇਹ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹੈ। ਆਈਟੀ ਮੰਤਰਾਲੇ ਦੇ ਸੂਤਰਾਂ ਮੁਤਾਬਕ ਟਵਿੱਟਰ ਨੂੰ ਪੰਜ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ।
-ਪੀਟੀਆਈ