ਪਟਨਾ, 12 ਅਕਤੂਬਰ
ਕੇਂਦਰੀ ਗ੍ਰਹਿ ਮੰਤਰ ਅਮਿਤ ਸ਼ਾਹ ’ਤੇ ਹਮਲਾ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਅਜਿਹੇ ਆਗੂਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਮਹੱਤਤਾ ਨਹੀਂ ਦਿੰਦੇ ਜਿਨ੍ਹਾਂ ਦਾ ਸਿਆਸੀ ਕਰੀਅਰ ਮਸਾਂ 20 ਕੁ ਸਾਲ ਪਹਿਲਾਂ ਸ਼ੁਰੂ ਹੋਇਆ ਹੋਵੇ। ਨਿਤੀਸ਼ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੱਤਰਕਾਰਾਂ ਨੇ ਸ਼ਾਹ ਵੱਲੋਂ ਜੈਪ੍ਰਕਾਸ਼ ਨਾਰਾਇਣ ਦੇ ਜੱਦੀ ਪਿੰਡ ਸਿਤਾਬ ਦਿਆਰਾ ’ਚ ਕਿਹਾ ਸੀ ਕਿ ਸਮਾਜਵਾਦੀ ਆਗੂ ਦੇ ‘ਚੇਲੇ’ ਹੁਣ ਸੱਤਾ ਲਈ ਕਾਂਗਰਸ ਦੀ ਗੋਦੀ ’ਚ ਜਾ ਕੇ ਬੈਠ ਗਏ ਹਨ। ਭਾਜਪਾ ਤੋਂ ਦੋ ਮਹੀਨੇ ਪਹਿਲਾਂ ਖਹਿੜਾ ਛੁਡਾਉਣ ਵਾਲੇ ਜਨਤਾ ਦਲ (ਯੂ) ਆਗੂ ਨੇ ਕਿਹਾ,‘‘ਜਿਹੜੇ ਵਿਅਕਤੀ ਦਾ ਤੁਸੀਂ ਨਾਮ ਲੈ ਰਹੇ ਹੋ, ਕੀ ਉਨ੍ਹਾਂ ਨੂੰ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਜੀ ਬਾਰੇ ਕੋਈ ਜਾਣਕਾਰੀ ਵੀ ਹੈ। ਇਹ ਲੋਕ ਕਦੋਂ ਤੋਂ ਸਿਆਸਤ ’ਚ ਆਏ ਹਨ। ਜਿਨ੍ਹਾਂ ਦੀ ਸਿਆਸਤ ਹੀ ਪਿਛਲੇ 20 ਸਾਲਾਂ ਤੋਂ ਸ਼ੁਰੂ ਹੋਈ ਹੈ, ਉਨ੍ਹਾਂ ਬਾਰੇ ਕੀ ਆਖੀਏ। ਜੇਪੀ ਨਾਲ ਇਨ੍ਹਾਂ ਲੋਕਾਂ ਦਾ ਕੀ ਸਬੰਧ ਸੀ।’’ ਨਿਤੀਸ਼ ਨੇ ਕਿਹਾ ਕਿ ਜੇਪੀ ਅੰਦੋਲਨ ਨਾਲ ਉਨ੍ਹਾਂ (ਨਿਤੀਸ਼) ਦਾ ਕੀ ਵਾਸਤਾ ਸੀ, ਇਹ ਸਾਰੇ ਜਾਣਦੇ ਹਨ। ਲੰਮੇ ਸਮੇਂ ਤੋਂ ਬਿਹਾਰ ਦੇ ਮੁੱਖ ਮੰਤਰੀ ਅਹੁਦੇ ’ਤੇ ਬੈਠੇ ਨਿਤੀਸ਼ ਕੁਮਾਰ ਨੇ ਕਿਹਾ,‘‘ਉਹ (ਸ਼ਾਹ) ਅਜੇ ਸੱਤਾ ’ਚ ਹਨ ਅਤੇ ਮੀਡੀਆ ਉਨ੍ਹਾਂ ਨੂੰ ਬਹੁਤ ਉਭਾਰਦਾ ਹੈ। ਦਿੱਲੀ ਦੇ ਸਾਰੇ ਅੰਗਰੇਜ਼ੀ ਅਖ਼ਬਾਰਾਂ ਨੇ ਮੇਰੇ ਬਾਰੇ ’ਚ ਉਨ੍ਹਾਂ ਦੀ ਟਿੱਪਣੀ ਨੂੰ ਪ੍ਰਮੁੱਖਤਾ ਨਾਲ ਛਾਪਿਆ ਪਰ ਮੈਂ ਇਸ ਦੀ ਪ੍ਰਵਾਹ ਨਹੀਂ ਕਰਦਾ ਹਾਂ।’’ ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਮੁਖੀ ਸੰਜੇ ਜੈਸਵਾਲ ਵੱਲੋਂ ਨੌਕਰੀਆਂ ਬਾਰੇ ਫੇਸਬੁੱਕ ’ਤੇ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੌਣ ਹਨ ਅਤੇ ਉਹ ਨਹੀਂ ਜਾਣਦੇ ਕਿ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਹੀ ਜੈਸਵਾਲ ਨੂੰ ਸਵਾਲ ਕਿਉਂ ਨਹੀਂ ਕਰਦੇ ਕਿ ਉਨ੍ਹਾਂ ਨੂੰ ਰਾਸ਼ਟਰੀ ਜਨਤਾ ਦਲ ਛੱਡਿਆਂ ਕਿੰਨਾ ਸਮਾਂ ਹੋ ਗਿਆ ਹੈ। -ਪੀਟੀਆਈ
ਨਿਤੀਸ਼ ਕੁਮਾਰ ਨੇ ਅਖਿਲੇਸ਼ ਨਾਲ ਦੁੱਖ ਵੰਡਾਇਆ
ਇਟਾਵਾ(ਯੂਪੀ): ਨਿਤੀਸ਼ ਕੁਮਾਰ ਨੇ ਸੈਫਈ ’ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੇ ਅਕਾਲ ਚਲਾਣੇ ਨੂੰ ਲੈ ਕੇ ਪਰਿਵਾਰ ਨਾਲ ਦੁਖ ਵੰਡਾਇਆ। ਕੁਮਾਰ ਨੇ ਅਖਿਲੇਸ਼ ਨਾਲ ਅੱਧੇ ਘੰਟੇ ਦੇ ਕਰੀਬ ਸਮਾਂ ਬਿਤਾਇਆ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਮਿਲੇ। ਯਾਦਵ ਪਰਿਵਾਰ ਨੇ ਅੱਜ ‘ਸ਼ੁੱਧੀ ਸੰਸਕਾਰ’ ਦੀ ਰਸਮ ਵੀ ਪੂਰੀ ਕੀਤੀ।
ਮੁਲਾਇਮ ਸਿੰਘ ਯਾਦਵ ਨੂੰ ‘ਭਾਰਤ ਰਤਨ’ ਦੇਣ ਦੀ ਮੰਗ: ਸਮਾਜਵਾਦੀ ਪਾਰਟੀ ਆਗੂ ਆਈ.ਪੀ.ਸਿੰਘ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਾਰਟੀ ਦੇ ਬਾਨੀ ਮਰਹੂਮ ਮੁਲਾਇਮ ਸਿੰਘ ਯਾਦਵ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜਿਆ ਜਾਵੇ। ਪਾਰਟੀ ਤਰਜਮਾਨ ਨੇ ਆਗਰਾ-ਲਖਨਊ ਐਕਸਪ੍ਰੈੱਸਵੇਅ ਦਾ ਨਾਮ ਯੂਪੀ ਦੇ ਸਾਬਕਾ ਮੁੱਖ ਮੰਤਰੀ ਤੇ ਧਰਤੀ ਪੁੱਤਰ ਮੁਲਾਇਮ ਸਿੰਘ ਯਾਦਵ ਦੇ ਨਾਂ ’ਤੇ ਰੱਖਣ ਦੀ ਮੰਗ ਵੀ ਕੀਤੀ।
ਨਿਤੀਸ਼ ਵੱਲੋਂ ਕੇਂਦਰ ਅਤੇ ਨਾਗਾ ਗੁੱਟਾਂ ਨੂੰ ਸਿਆਸੀ ਮੁੱਦਿਆਂ ਦੇ ਫੌਰੀ ਹੱਲ ਦੀ ਅਪੀਲ
ਦੀਮਾਪੁਰ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਅਤੇ ਨਾਗਾ ਗੁੱਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਮੁੱਦਿਆਂ ਦਾ ਫੌਰੀ ਹੱਲ ਲੱਭਣ। ਨਿਤੀਸ਼ ਸਮਾਜਵਾਦੀ ਆਗੂ ਜੈਪ੍ਰਕਾਸ਼ ਨਾਰਾਇਣ ਦੀ 120ਵੀਂ ਜੈਅੰਤੀ ਮੌਕੇ ਇਥੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਆਏ ਹੋਏ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਸਲੇ ਸੁਲਝਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ। ਜੈਪ੍ਰਕਾਸ਼ ਨਾਰਾਇਣ ਨੇ 1960ਵਿਆਂ ’ਚ ਨਾਗਾਲੈਂਡ ’ਚ ਤਿੰਨ ਸਾਲ ਬਿਤਾਏ ਸਨ। ਆਲ ਨਾਗਾਲੈਂਡ ਬਿਹਾਰੀ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਵਾਰਤਾ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਨਿਕਲਿਆ ਹੈ। ਨਿਤੀਸ਼ ਨੇ ਜੇਪੀ ਨੂੰ ਸ਼ਰਧਾਂਜਲੀ ਦਿੰਦਿਆਂ ਨਾਗਾਲੈਂਡ ਦੇ ਲੋਕਾਂ ਨੂੰ ਬਿਹਾਰ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਧਰਮ ਜਾਂ ਫਿਰਕੇ ਖ਼ਿਲਾਫ਼ ਵਿਤਕਰਾ ਨਹੀਂ ਕਰਦੀ ਹੈ।