ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਮਈ
ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਗੈਰਕਾਨੂੰਨੀ ਉਸਾਰੀਆਂ ਢਾਹੇ ਜਾਣ ਦੀ ਮੁਹਿੰਮ ਦੇ ਤੀਜੇ ਪੜਾਅ ਤਹਿਤ ਅੱਜ ਮੁਸਲਿਮ ਬੁਹਗਿਣਤੀ ਵਾਲੇ ਇਲਾਕੇ ਸ਼ਾਹੀਨ ਬਾਗ ਵਿੱਚ ਭੰਨ੍ਹਤੋੜ ਸ਼ੁਰੂ ਕਰਨ ਲਈ ਸਵੇਰੇ 11 ਵਜੇ ਦੇ ਕਰੀਬ ਬੁਲਡੋਜ਼ਰ ਭੇਜੇ ਗਏ। ਇਸ ਦੌਰਾਨ ਦਿੱਲੀ ਪੁਲੀਸ ਤੇ ਅਰਧ ਸੈਨਿਕ ਬਲ ਦੇ ਵੱਡੀ ਗਿਣਤੀ ਜਵਾਨ ਵੀ ਮੌਕੇ ’ਤੇ ਮੌਜੂਦ ਸਨ। ਕਾਰਵਾਈ ਦੌਰਾਨ ਮਹਿਲਾ ਪੁਲੀਸ ਮੁਲਾਜ਼ਮਾਂ ਨੂੰ ਸਥਾਨਕ ਔਰਤਾਂ ਨੂੰ ਸੜਕ ਤੋਂ ਇਕ ਪਾਸੇ ਕਰਨ ਲਈ ਕਾਫੀ ਜੱਦੋਜਹਿਦ ਕਰਨੀ ਪਈ।
ਸ਼ਾਹੀਨ ਬਾਗ ਦੇ ਲੋਕਾਂ ਨੂੰ ਜਿਉਂ ਹੀ ਕਾਰਵਾਈ ਦੀ ਭਿਣਕ ਪਈ ਤਾਂ ਉਹ ਦਿੱਲੀ-ਕਾਲਿੰਦੀ ਕੁੰਜ ਮਾਰਗ ’ਤੇ ਇੱਕਠੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਬਿਰਧ ਔਰਤਾਂ ਵੀ ਸਨ। ਲੋਕ ਬੁਲਡੋਜ਼ਰ ਦੇ ਉੱਪਰ ਚੜ੍ਹ ਗਏ। ਪੁਲੀਸ ਨੇ ਔਰਤਾਂ ਸਮੇਤ ਕੁੱਝ ਲੋਕਾਂ ਨੂੰ ਹਿਰਸਾਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਜਾਣ ਵਾਲਿਆਂ ਵਿੱਚ ਕਾਂਗਰਸੀ ਆਗੂ ਪ੍ਰਵੇਜ਼ ਆਲਮ ਵੀ ਸ਼ਾਮਲ ਸਨ। ਕਰੀਬ ਦੋ ਘੰਟੇ ਤੱਕ ਨਿਗਮ ਅਧਿਕਾਰੀਆਂ ਤੇ ਸਥਾਨਕ ਲੋਕਾਂ ਵਿਚਾਲੇ ਖਿੱਚੋਤਾਣ ਚੱਲਦੀ ਰਹੀ ਅਤੇ ਅਖ਼ੀਰ ਅਧਿਕਾਰੀ ਬਾਅਦ ਦੁਪਹਿਰ ਨਿਗਮ ਦੇ ਦਸਤੇ ਦੀਆਂ ਗੱਡੀਆਂ ਤੇ ਬੁਲਡੋਜ਼ਰ ਲੈ ਕੇ ਵਾਪਸ ਜਾਣ ਲਈ ਮਜਬੂਰ ਹੋ ਗਏ। ਬਾਅਦ ਵਿੱਚ ਲੋਕਾਂ ਨੇ ਉੱਥੇ ਤਿਰੰਗਾ ਝੰਡਾ ਲਹਿਰਾਇਆ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਪ੍ਰਧਾਨਗੀ ਵਾਲੀ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਅੱਜ ਸ਼ਾਹੀਨ ਬਾਗ ਦੇ ਉਸੇ ਇਲਾਕੇ ਵਿੱਚ ਭੰਨ੍ਹਤੋੜ ਕੀਤੀ ਜਾਣੀ ਸੀ ਜਿੱਥੇ ਕਿ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਲੰਬਾ ਅੰਦੋਲਨ ਚੱਲਿਆ ਸੀ। ਹਾਲਾਂਕਿ, ਨਿਗਮ ਦੇ ਦਸਤੇ ਦੇ ਆਉਂਦੇ ਹੀ ਕੁੱਝ ਲੋਕਾਂ ਨੇ ਖ਼ੁਦ ਹੀ ਆਪੋ-ਆਪਣੀਆਂ ਗੈਰਕਾਨੂੰਨੀ ਉਸਾਰੀਆਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੁਕਾਨਾਂ ਦੇ ਸ਼ਟਰ ਪੁੱਟ ਲਏ।
ਇਸ ਦੌਰਾਨ ‘ਆਪ’ ਵਿਧਾਇਕ ਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤਉੱਲ੍ਹਾ ਖਾਂ ਵੀ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਨਿਗਮ ਅਧਿਕਾਰੀਆਂ ਤੋਂ ਗੈਰਕਾਨੂੰਨੀ ਉਸਾਰੀਆਂ ਦੀ ਸੂਚੀ ਮੰਗੀ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਹੀ ਸਭ ਨੇ ਨਾਜਾਇਜ਼ ਕਬਜ਼ੇ ਹਟਾ ਲਏ ਸਨ ਤੇ ਖੁਦ ਮਸਜਿਦ ਕੋਲੋਂ ਉਸਾਰੀ ਤੁੜਵਾਈ ਗਈ ਸੀ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀ ਇਸ ਸੜਕ ’ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਉਨ੍ਹਾਂ ਨਿਗਮ ਅਧਿਕਾਰੀਆਂ ਕੋਲੋਂ ਭੰਨ੍ਹਤੋੜ ਵਾਲੀਆਂ ਥਾਵਾਂ ਦੀ ਸੂਚੀ ਵੀ ਮੰਗੀ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਨਗਰ ਨਿਗਮ ਮਾਹੌਲ ਖਰਾਬ ਕਰ ਰਹੀ ਹੈ ਜਦਕਿ ਇੱਥੇ ਕਿਸੇ ਨੇ ਗੈਰਕਾਨੂੰਨੀ ਕਬਜ਼ਾ ਨਹੀਂ ਕੀਤਾ ਹੋਇਆ ਹੈ। ਸਥਾਨਕ ਕੌਂਸਲਰ ਵਾਜਿਦ ਖਾਂ ਨੇ ਕਿਹਾ ਕਿ ਇਸ ਸੜਕ ’ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਲੋਕਾਂ ਨੇ ਥਾਂ ਛੱਡ ਕੇ ਉਸਾਰੀਆਂ ਕੀਤੀਆਂ ਹਨ। ਜਿਸ ਕਿਸੇ ਨੇ ਗਲਤ ਉਸਾਰੀ ਕੀਤੀ ਹੈ ਉਸ ਨੂੰ ਤੋੜਿਆ ਜਾਵੇ ਪਰ ਨਿਗਮ ਗਲਤ ਕਰੇਗਾ ਤਾਂ ਸਖ਼ਤ ਵਿਰੋਧ ਹੋਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਐੱਮਸੀਡੀ ਚੋਣਾਂ ਤੋਂ ਪਹਿਲਾਂ ਰਾਜਨੀਤੀ ਚਮਕਾਉਣਾ ਚਾਹੁੰਦੀ ਹੈ। ਇੱਥੇ ਸਾਰੀਆਂ ਦੁਕਾਨਾਂ ਵੈਧ ਹਨ। ਉਨ੍ਹਾਂ ਕਿਹਾ ਕਿ 80 ਫ਼ੀਸਦ ਦਿੱਲੀ ਵਿੱਚ ਗੈਰ-ਕਾਨੂੰਨੀ ਉਸਾਰੀਆਂ ਹੋਈਆਂ ਹਨ ਤਾਂ ਸਾਰੀ ਦਿੱਲੀ ਤੋੜ ਦਿੱਤੀ ਜਾਵੇ।
ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਇਹ ਨਫ਼ਰਤੀ ਬੁਲਡੋਜ਼ਰ ਹਨ ਅਤੇ ਮੁਸਲਮਾਨਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਹਾਂਗੀਰਪੁਰੀ ਤੇ ਤੁਗ਼ਲਕਾਬਾਦ ਵਿੱਚ ਭੰਨ੍ਹਤੋੜ ਗਰੀਬਾਂ ਤੱਕ ਸੀਮਿਤ ਰੱਖ ਕੇ ਕੀਤੀ ਗਈ ਜਦੋਂ ਕਿ ਵਸੰਤ ਕੁੰਜ ਤੇ ਸੈਨਿਕ ਫਾਰਮਾਂ ਦੀਆਂ ਗੈਰਕਾਨੂੰਨੀ ਉਸਾਰੀਆਂ ਨਿਗਮ ਨੂੰ ਨਹੀਂ ਦਿਖਦੀਆਂ ਹਨ। ਉਧਰ, ਦੱਖਣੀ ਪੂਰਬੀ ਦਿੱਲੀ ਦੀ ਡੀਸੀਪੀ ਈਸ਼ਾ ਪਾਂਡੇ ਨੇ ਕਿਹਾ ਕਿ ਨਿਗਮ ਦੇ ਦਸਤੇ ਨੇ ਕਾਰਵਾਈ ਪੂਰੀ ਕੀਤੀ ਅਤੇ ਉਹ ਵਾਪਸ ਚਲੇ ਗਏ।
ਐੱਸਐੱਮਡੀਸੀ ਨੇ ‘ਆਪ’ ਵਿਧਾਇਕ ਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ
ਨਵੀਂ ਦਿੱਲੀ: ਦੱਖਣੀ ਦਿੱਲੀ ਨਗਰ ਨਿਗਮ (ਐੱਸਐੱਮਡੀਸੀ) ਨੇ ਸ਼ਾਹੀਨ ਬਾਗ ਵਿੱਚ ਅੱਜ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ’ਚ ਅੜਿੱਕਾ ਡਾਹੁਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲ੍ਹਾ ਖਾਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਵੱਲੋਂ ਐੱਸਐੱਮਡੀਸੀ ਦੇ ਮੇਅਰ ਨੂੰ ਅਜਿਹਾ ਕਰਨ ਲਈ ਕਹੇ ਜਾਣ ਤੋਂ ਕੁਝ ਘੰਟੇ ਬਾਅਦ ਇਹ ਕਦਮ ਉਠਾਇਆ ਗਿਆ। ਇਹ ਸ਼ਿਕਾਇਤ ਸ਼ਾਹੀਨ ਬਾਗ ਥਾਣੇ ਵਿੱਚ ਐੱਸਐੱਮਡੀਸੀ ਮੱਧ ਜ਼ੋਨ ਦੇ ਲਾਇਸੈਂਸਿੰਗ ਇੰਸਪੈਕਟਰ ਦੇ ਬਿਆਨ ’ਤੇ ਦਰਜ ਹੋਈ ਹੈ। -ਪੀਟੀਆਈ
ਅੱਜ ਤੇ ਭਲਕ ਵੀ ਜਾਰੀ ਰਹੇਗੀ ਮੁਹਿੰਮ: ਭਾਜਪਾ ਪ੍ਰਧਾਨ
ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਨਿਗਮ ਦੀ ਗੁਰਦੁਆਰਾ ਰੋਡ ਨੇੜੇ ਨਿਊ ਫਰੈਂਡਜ਼ ਕਲੋਨੀ ਵਿੱਚ ਮੰਗਲਵਾਰ ਨੂੰ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਚਲਾਉਣ ਦੀ ਯੋਜਨਾ ਹੈ। ਇਸੇ ਤਰ੍ਹਾਂ ਦੀ ਮੁਹਿੰਮ 11 ਮਈ ਨੂੰ ਲੋਧੀ ਕਲੋਨੀ ਵਿਚਲੀ ਮੇਹਰਚੰਦਰ ਮਾਰਕੀਟ ’ਚ, ਸਾਈਂ ਬਾਬਾ ਮੰਦਰ ਨੇੜੇ ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਮੈਟਰੋ ਸਟੇਸ਼ਨ ਵਿਖੇ ਚਲਾਉਣ ਦੀ ਯੋਜਨਾ ਵੀ ਹੈ। ਉਨ੍ਹਾਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਦਾ ਵਿਰੋਧ ਕਰਨ ’ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਉਕਤ ਦੋਵੇਂ ਪਾਰਟੀਆਂ ਸ਼ਾਹੀਨ ਬਾਗ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਾਹੀਨ ਬਾਗ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ’ਚ ਅੜਿੱਕਾ ਡਾਹੇ ਜਾਣ ਨਾਲ ਇਹ ਸਾਬਿਤ ਹੋ ਗਿਆ ਹੈ ਕਾਂਗਰਸ ਤੇ ‘ਆਪ’ ਇਲਾਕੇ ਵਿੱਚ ਨਾਜਾਇਜ਼ ਢੰਗ ਨਾਲ ਰਹਿ ਰਹੇ ਰੋਹਿੰਗੀਆ ਮੁਸਲਮਾਨਾਂ ਤੇ ਬੰਗਲਾਦੇਸ਼ੀਆਂ ਨੂੰ ਸਰਪ੍ਰਸਤੀ ਦੇ ਰਹੀਆਂ ਹਨ। -ਪੀਟੀਆਈ