* ਭਲਕੇ ਉੱਚ ਪੱਧਰੀ ਬੈਠਕ ਸੱਦੀ
* ਉਪ ਰਾਜਪਾਲ ਤੇ ਕੌਮੀ ਸੁਰੱਖਿਆ ਸਲਾਹਕਾਰ ਸਣੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀ ਹੋਣਗੇ ਸ਼ਾਮਲ
* ਸਾਲਾਨਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ’ਤੇ ਵੀ ਨਜ਼ਰਸਾਨੀ
ਨਵੀਂ ਦਿੱਲੀ, 14 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਸ਼ਾਹ ਨੇ 16 ਜੂਨ ਨੂੰ ਇਕ ਉੱਚ ਪੱਧਰੀ ਬੈਠਕ ਸੱਦੀ ਹੈ, ਜਿਸ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਥਲ ਸੈਨਾ, ਸੀਆਰਪੀਐੱਫ ਤੇ ਹੋਰ ਸੁਰੱਖਿਆ ਬਲਾਂ ਦੇ ਸਿਖਰਲੇ ਅਧਿਕਾਰੀ ਸ਼ਾਮਲ ਹੋਣਗੇ।
ਬੈਠਕ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੌਜੂਦਾ ਹਾਲਾਤ ’ਤੇ ਨਜ਼ਰਸਾਨੀ ਤੋਂ ਇਲਾਵਾ ਦਹਿਸ਼ਤੀ ਸਰਗਰਮੀਆਂ ਨੂੰ ਨੱਥ ਪਾਉਣ ਦੇ ਤੌਰ ਤਰੀਕਿਆਂ ’ਤੇ ਚਰਚਾ ਕੀਤੀ ਜਾਵੇਗੀ। ਸ੍ਰੀ ਸ਼ਾਹ ਐਤਵਾਰ ਲਈ ਤਜਵੀਜ਼ਤ ਬੈਠਕ ਵਿਚ 29 ਜੂਨ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲੈਣਗੇ। ਉਧਰ ਜੰਮੂ ਕਸ਼ਮੀਰ ਪੁਲੀਸ ਨੇ ਵੀ ਦੋ ਮਹੀਨੇ ਚੱਲਣ ਵਾਲੀ ਯਾਤਰਾ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਧੀਕ ਡੀਜੀਪੀ ਵਿਜੇ ਕੁਮਾਰ ਨੇ ਪਿਛਲੇ ਹਫ਼ਤੇ ਸੁਰੱਖਿਆ ਬਲਾਂ ਨੂੰ ਮੌਜੂਦਾ ਸੁਰੱਖਿਆ ਢਾਂਚੇ ਨੂੰ ਕਿਲੇਬੰਦ ਕਰਨ ਤੇ ਅਮਰਨਾਥ ਯਾਤਰਾ ਦੇ ਰੂਟ ’ਤੇ ਸਖ਼ਤ ਸੁਰੱਖਿਆ ਬੰਦੋਬਸਤ ਕਰਨ ਦੀ ਹਦਾਇਤ ਕੀਤੀ ਸੀ।
ਸੂਤਰਾਂ ਨੇ ਕਿਹਾ ਕਿ ਅੱਜ ਦੀ ਬੈਠਕ ਵਿਚ ਗ੍ਰਹਿ ਮੰਤਰੀ ਨੂੰ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਤੇ ਦਹਿਸ਼ਤੀ ਘਟਨਾਵਾਂ ਨੂੰ ਨੱਥ ਪਾਉਣ ਲਈ ਚੁੱਕੇ ਕਦਮਾਂ ਬਾਰੇ ਦੱਸਿਆ ਗਿਆ। ਕਾਬਿਲੇਗੌਰ ਹੈ ਕਿ ਦਹਿਸ਼ਤਗਰਦਾਂ ਵੱਲੋਂ ਪਿਛਲੇ ਚਾਰ ਦਿਨਾਂ ਵਿਚ ਜੰਮੂ ਕਸ਼ਮੀਰ ਦੇ ਰਿਆਸੀ, ਕਠੂਆ ਤੇ ਡੋਡਾ ਜ਼ਿਲ੍ਹਿਆਂ ਵਿਚ ਕੀਤੇ ਹਮਲਿਆਂ ਦੌਰਾਨ 9 ਸ਼ਰਧਾਲੂਆਂ ਤੇ ਇਕ ਸੀਆਰਪੀਐੱਫ ਜਵਾਨ ਦੀ ਜਾਨ ਜਾਂਦੀ ਰਹੀ ਸੀ ਤੇ ਇਸ ਦੌਰਾਨ ਸਲਾਮਤੀ ਦਸਤਿਆਂ ਦੇ ਸੱਤ ਮੈਂਬਰ ਤੇ ਕਈ ਹੋਰ ਜ਼ਖ਼ਮੀ ਹੋ ਗਏ। -ਪੀਟੀਆਈ
ਜੰਮੂ ਕਸ਼ਮੀਰ ’ਚ ਕੇਂਦਰੀ ਹਥਿਆਰਬੰਦ ਬਲਾਂ ਦੀਆਂ 500 ਕੰਪਨੀਆਂ ਤਾਇਨਾਤ
ਨਵੀਂ ਦਿੱਲੀ (ਟਨਸ): ਕੇਂਦਰ ਨੇ 21 ਜੂਨ ਨੂੰ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ ਕਸ਼ਮੀਰ ਫੇਰੀ ਤੇ ਅਗਾਮੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਕਸ਼ਮੀਰ ਵਿਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਪੰਜ ਸੌ ਤੋਂ ਵੱਧ ਕੰਪਨੀਆਂ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਸ੍ਰੀ ਮੋਦੀ ਵੱਲੋਂ 21 ਜੂਨ ਨੂੰ ਸ੍ਰੀਨਗਰ ਵਿਚ ਡੱਲ ਝੀਲ ਨੇੜੇ ਯੋਗ ਕੀਤੇ ਜਾਣ ਦੀ ਯੋਜਨਾ ਹੈ। ਮੋਦੀ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਹਾਲਾਤ ਦੇ ਜਾਇਜ਼ੇ ਲਈ ਸੱਦੀ ਬੈਠਕ ਦੀ ਪ੍ਰਧਾਨਗੀ ਕੀਤੇ ਜਾਣ ਮਗਰੋਂ ਮੋਦੀ ਦੀ ਤਜਵੀਜ਼ਤ ਫੇਰੀ ਤੇ ਅਮਰਨਾਥ ਯਾਤਰਾ ਦੇ ਰੂਟ ਉੱਤੇ ਬਲਾਂ ਦੀ ਤਾਇਨਾਤੀ ਦਾ ਫੈਸਲਾ ਕੀਤਾ ਹੈ।