ਪੁਣੇ, 5 ਨਵੰਬਰ
ਸੰਸਦੀ ਰਾਜਨੀਤੀ ਤੋਂ ਸੰਨਿਆਸ ਦੇ ਸੰਕੇਤ ਦਿੰਦਿਆਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਮੁਖੀ ਤੇ ਸੰਸਦ ਮੈਂਬਰ ਸ਼ਰਦ ਪਵਾਰ ਨੇ ਅੱਜ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਸੋਚਣਾ ਹੋਵੇਗਾ ਕਿ ਕੀ ਉਨ੍ਹਾਂ ਨੂੰ 2026 ’ਚ ਆਪਣਾ ਮੌਜੂਦਾ ਕਾਰਜਕਾਲ ਖਤਮ ਹੋਣ ਮਗਰੋਂ ਇੱਕ ਵਾਰ ਫਿਰ ਰਾਜ ਸਭਾ ਮੈਂਬਰ ਵਜੋਂ ਮੌਕਾ ਲੈਣਾ ਚਾਹੀਦਾ ਹੈ? ਪਵਾਰ (83) ਨੇ ਬਾਰਾਮਤੀ ਅਸੈਂਬਲੀ ਹਲਕੇ ਦੇ ਸੁਪਾ ’ਚ ਆਪਣੇ ਭਰਾ ਦੇ ਪੋਤੇ ਯੁਗੇਂਦਰ ਪਵਾਰ ਦੇ ਹੱਕ ’ਚ ਚੋਣ ਰੈਲੀ ਦੌਰਾਨ ਆਖਿਆ ਕਿ ਮੈਨੂੰ ਇੱਕ ਪੜਾਅ ’ਤੇ ਰੁਕਣਾ ਪਵੇਗਾ ਅਤੇ ਨਵੀਂ ਲੀਡਰਸ਼ਿਪ ਲਈ ਰਾਹ ਪੱਧਰਾ ਕਰਨਾ ਪਵੇਗਾ। ਦੱਸਣਯੋਗ ਹੈ ਕਿ ਉੱਘੇ ਨੇਤਾ ਸ਼ਰਦ ਪਵਾਰ ਆਪਣੇ ਸਿਆਸੀ ਕਰੀਅਰ ਦੌਰਾਨ ਚੋਣਾਂ ’ਚ 14 ਵਾਰ ਜੇਤੂ ਰਹੇ। ਉਹ 1967 ’ਚ ਪਹਿਲੀ ਵਾਰ ਮਹਾਰਾਸ਼ਟਰ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਪੰਜ ਸਾਲ ਬਾਅਦ ਸੂਬਾ ਸਰਕਾਰ ’ਚ ਮੰਤਰੀ ਬਣੇ ਸਨ।
ਪਵਾਰ ਮੁਤਾਬਕ, ‘‘ਤੁਹਾਡੇ ਸਹਿਯਗ ਨਾਲ ਮੈਂ ਪਹਿਲਾਂ ਸੂਬਾ ਅਸੈਂਬਲੀ ’ਚ ਪਹੁੰਚਿਆ। ਮੈਂ ਰਾਜ ਮੰਤਰੀ ਤੇ ਫਿਰ ਕੈਬਨਿਟ ਮੰਤਰੀ ਬਣਿਆ। ਮੈਂ ਚਾਰ ਵਾਰ ਮੁੱਖ ਮੰਤਰੀ ਬਣਿਆ। ਮੈਂ ਕੇਂਦਰ ’ਚ ਰੱਖਿਆ ਮੰਤਰੀ ਵਜੋਂ ਕੰਮ ਕੀਤਾ। ਬਾਅਦ ’ਚ ਮੈਂ ਦਸ ਸਾਲ ਖੇਤੀਬਾੜੀ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ ਤੇ ਹੁਣ ਮੈਂ ਰਾਜ ਸਭਾ ਵਿੱਚ ਹਾਂ।’’ ਉਨ੍ਹਾਂ ਆਖਿਆ ਕਿ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਹ ਨਵੀਂ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੇ ਸਨ। ਪਵਾਰ ਨੇ ਕਿਹਾ, ‘‘ਮੈਂ ਹੁਣ ਰਾਜ ਸਭਾ ਵਿੱਚ ਹਾਂ ਅਤੇ ਮੇਰਾ ਡੇਢ ਸਾਲ ਕਾਰਜਕਾਲ ਬਾਕੀ ਹੈ। ਬਾਅਦ ’ਚ ਮੈਨੂੰ ਫ਼ੈਸਲਾ ਕਰਨਾ ਹੋਵੇਗਾ ਕਿ ਦੁਬਾਰਾ ਰਾਜ ਸਭਾ ਜਾਣਾ ਹੈ ਜਾਂ ਨਹੀਂ। ਮੈਂ ਆਮ ਚੋਣਾਂ ਨਹੀਂ ਲੜਾਂਗਾ, ਨਾ ਹੀ ਕੋਈ ਹੋਰ ਚੋਣ ਲੜਾਂਗਾ। ਮੈਂ ਨਵੀਂ ਲੀਡਰਸ਼ਿਪ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।’’ -ਪੀਟੀਆਈ