ਮੁੰਬਈ, 20 ਅਗਸਤ
ਸ਼ਿਵ ਸੈਨਾ (ਯੂਬੀਟੀ) ਆਗੂ ਤੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਆਗੂ ਸ਼ਰਦ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਵਾਂਗ ਭਾਜਪਾ ਨਾਲ ਹੱਥ ਮਿਲਾਉਣ ਦੀ ‘ਗ਼ਲਤੀ’ ਨਹੀਂ ਕਰਨਗੇ। ਰਾਊਤ ਨੇ ਸ਼ਿਵ ਸੈਨਾ ਦੇ ਪਰਚੇ ‘ਸਾਮਨਾ’ ਵਿੱਚ ਆਪਣੇ ਹਫ਼ਤਾਵਾਰੀ ਕਾਲਮ ‘ਰੋਕਠੋਕ’ ਵਿੱਚ ਲਿਖਿਆ, ‘‘ਅਜੀਤ ਪਵਾਰ ਸੱਚਮੁੱਚ ਵੱਡੇ ਆਗੂ ਬਣ ਸਕਦੇ ਸਨ, ਜੇ ਉਹ ਆਪਣੀ ਖ਼ੁਦ ਦੀ ਸਿਆਸੀ ਪਾਰਟੀ ਬਣਾਉਂਦੇ ਤੇ ਚੋਣਾਂ ਲੜਦੇ। ਅਜੀਤ ਪਵਾਰ ਨੇ ਜੇਕਰ ਏਕਨਾਥ ਸ਼ਿੰਦੇ ਦੀ ਤਰਜ਼ ’ਤੇ ਭਾਜਪਾ ਦੀ ਮਦਦ ਲਈ ਤਾਂ ਉਨ੍ਹਾਂ ਦੀ ਸਿਆਸਤ ਰੇਤ ਦੇ ਕਿਲ੍ਹੇ ਵਾਂਗ ਢਹਿ ਜਾਵੇਗੀ। ਸਿਆਸਤ ਵਿੱਚ ਕੱਦ ਮਾਇਨੇ ਰੱਖਦਾ ਹੈ ਤੇ ਰੇਤ ਦੇ ਕਿਲੇ ਨਹੀਂ।’’ ਰਾਊਤ ‘ਸਾਮਨਾ’ ਦੇ ਕਾਰਜਕਾਰੀ ਸੰਪਾਦਕ ਹਨ। ਰਾਊਤ ਨੇ ਕਿਹਾ ਕਿ ਅਜੀਤ ਪਵਾਰ ‘ਚੱਕੀਰਾਹੇ’ ਵਰਗਾ ਹੈ, ਜੋ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਕੁਰਸੀ ’ਚ ‘ਮੋਰੀਆਂ’ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਯਕੀਨੀ ਤੌਰ ’ਤੇ ਇਸ ਚੱਕੀਰਾਹੇ ਨੂੰ ਬਲ ਬਖ਼ਸ਼ਣਗੇ। ਰਾਊਤ ਨੇ ਦਾਅਵਾ ਕੀਤਾ, ‘‘ਅਜੀਤ ਪਵਾਰ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਅਤੇ ਫੜਨਵੀਸ ਦੀ ਹਮਾਇਤ ਕਰਨ ਵਾਲੇ ਵਿਧਾਇਕਾਂ ਨੂੰ ਲੱਗਦਾ ਹੈ ਕਿ ਸ਼ਿੰਦੇ ਬੋਝ ਬਣਨ ਲੱਗਿਆ ਹੈ।’’ -ਪੀਟੀਆਈ