ਨਵੀਂ ਦਿੱਲੀ, 14 ਅਕਤੂਬਰ
ਬਿਹਾਰ ਵਿਧਾਨ ਚੋਣਾਂ ਤੋਂ ਪਹਿਲਾਂ ਲੋਕਤਾਂਤਰਕਿ ਜਨਤਾ ਦਲ (ਐੱਲਜੇਡੀ) ਮੁਖੀ ਸ਼ਰਦ ਯਾਦਵ ਦੀ ਬੇਟੀ ਸੁਭਾਸ਼ਿਨੀ ਯਾਦਵ ਅੱਜ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਈ। ਲੋਕ ਜਨਸ਼ਕਤੀ ਪਾਰਟੀ (ਐੱਲਜੇਪੀ) ਨੇਤਾ ਅਤੇ ਸਾਬਕਾ ਸੰਸਦ ਮੈਂਬਰ ਕਾਲੀ ਪਾਂਡੇ ਵੀ ਕਾਂਗਰਸ ’ਚ ਸ਼ਾਮਲ ਹੋਏ ਹਨ। ਦੋਵੇਂ ਅਗਾਮੀ ਬਿਹਾਰ ਅਸੈਂਬਲੀ ਚੋਣਾਂ ’ਚ ਖੜ੍ਹੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਕਾਂਗਰਸ ਵੱਲੋਂ ਟਿਕਟ ਮਿਲਣ ਦੀ ਆਸ ਹੈ। ਸੁਭਾਸ਼ਿਨੀ ਨੇ ਕਿਹਾ ਕਿ ਉਹ ਬਿਹਾਰ ਵਿੱਚ ‘ਮਹਾਗਠਜੋੜ’ ਦੀ ਲੜਾਈ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਲੈ ਰਹੀ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਸ਼ਰਦ ਯਾਦਵ ਨੇ ਹਮੇਸ਼ਾ ਇਸ ਦਾ ਸਮਰਥਨ ਕੀਤਾ। ਪਾਰਟੀ ’ਚ ਸ਼ਾਮਲ ਕਰਨ ਲਈ ਉਸਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦਾ ਧੰਨਵਾਦ ਕੀਤਾ। ਇਸੇ ਦੌਰਾਨ ਐੱਲਜੇਪੀ ਛੱਡ ਕੇ ਕਾਂਗਰਸ ’ਚ ਆਏ ਕਾਲੀ ਪਾਂਡੇ ਨੇ ਕਿਹਾ ਕਿ ਇਹ ਉਨ੍ਹਾਂ ਦੀ ਘਰ ਵਾਪਸੀ ਹੈ।
-ਪੀਟੀਆਈ