ਮੁੰਬਈ, 3 ਜੂਨ
ਐਗਜ਼ਿਟ ਪੋਲ (ਵੋਟਿੰਗ ਤੋਂ ਬਾਅਦ ਦੇ ਚੋਣ ਸਰਵੇਖਣਾਂ) ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੂੰ ਵੱਡਾ ਬਹੁਮਤ ਮਿਲਣ ਦੀ ਪੇਸ਼ੀਨਗੋਈ ਮਗਰੋਂ ਸ਼ੇਅਰ ਬਾਜ਼ਾਰ (ਸੈਂਸੈਕਸ ਤੇ ਨਿਫਟੀ) ਅੱਜ ਤਿੰਨ ਫੀਸਦ ਦੇ ਵਾਧੇ ਨਾਲ ਨਵੀਂ ਸਿਖਰ ’ਤੇ ਪੁੱਜ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2507.47 ਨੁਕਤਿਆਂ ਜਾਂ 3.39 ਫੀਸਦ ਦੇ ਉਛਾਲ ਨਾਲ ਨਵੇਂ ਰਿਕਾਰਡ ਪੱਧਰ 76,468.78 ’ਤੇ ਬੰਦ ਹੋਇਆ। ਪਿਛਲੇ ਤਿੰਨ ਸਾਲਾਂ ਵਿਚ ਇਕ ਦਿਨ ’ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨਫ਼ਾ ਹੈ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ 76,738.89 ਦੇ ਪੱਧਰ ’ਤੇ ਵੀ ਗਿਆ। ਉਧਰ ਐੱਨਐੱਸਈ ਦਾ ਨਿਫਟੀ 733.20 ਨੁਕਤਿਆਂ ਦੇ ਉਭਾਰ ਨਾਲ 23,263.90 ਦੇ ਪੱਧਰ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਵਿਚ ਉਛਾਲ ਨਾਲ ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ ਤੇ ਐੱਸਬੀਆਈ ਦੇ ਸ਼ੇਅਰ ਰਿਕਾਰਡ ਪੱਧਰ ਨੂੰ ਪੁੱਜ ਗਏੇ। ਇਸਦੇ ਨਾਲ ਅਡਾਨੀ ਗਰੁੱਪ ਦੇ ਸ਼ੇਅਰ ਵੀ ਵੱਡੇ ਉਛਾਲ ਨਾਲ ਉਪਰ ਚੜ੍ਹੇ ਅਤੇ ਨਵਾਂ ਰਿਕਾਰਡ ਬਣਾਇਆ। -ਪੀਟੀਆਈ