ਨਵੀਂ ਦਿੱਲੀ, 5 ਮਈ
ਯੂਆਈਡੀਏਆਈ ਨੇ ਆਧਾਰ ਡੇਟਾ ਬੈਂਕ ਦੀ ਵਰਤੋਂ ਨਾਲ ਇਕ ਅਣਜਾਣ ਮੁਲਜ਼ਮ ਦੀ ਪਛਾਣ ਲਈ ਦਿੱਲੀ ਹਾਈ ਕੋਰਟ ’ਚ ਦਾਖ਼ਲ ਪਟੀਸ਼ਨ ਦਾ ਵਿਰੋਧ ਕੀਤਾ ਹੈ। ਅਥਾਰਿਟੀ ਨੇ ਕਿਹਾ ਕਿ ਆਧਾਰ ਨੰਬਰ ਅਤੇ ਉਸ ਦੀ ਤਸਦੀਕ ਤੋਂ ਇਲਾਵਾ ਕਿਸੇ ਹੋਰ ਮਕਸਦ ਲਈ ਬਾਇਓਮੀਟਰਿਕ ਜਾਣਕਾਰੀ ਸਾਂਝਾ ਕਰਨ ਜਾਂ ਉਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਅਥਾਰਿਟੀ ਨੇ ਕਿਹਾ ਕਿ ਬਾਇਓਮੀਟਰਿਕ ਜਾਣਕਾਰੀ ਕਿਸੇ ਵਿਅਕਤੀ ਲਈ ਵਿਸ਼ੇਸ਼ ਹੈ ਅਤੇ ਇਹ ਸੰਵੇਦਨਸ਼ੀਲ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੀ ਦੁਰਵਰਤੋਂ ਦੇ ਕਿਸੇ ਵੀ ਖ਼ਦਸ਼ੇ ਨੂੰ ਨਾਕਾਮ ਬਣਾਉਣ ਲਈ ਉਨ੍ਹਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ਅਤੇ ਅਰਜ਼ੀਕਾਰ ਵੱਲੋਂ ਮੰਗੀ ਗਈ ਰਾਹਤ ਆਧਾਰ ਕਾਨੂੰਨ 2016 ਦੀ ਧਾਰਾ 29 ਦੇ ਉਲਟ ਹੋਵੇਗੀ। ਇਸਤਗਾਸਾ ਧਿਰ ਨੇ ਯੂਆਈਡੀਏਆਈ ਨੂੰ ਅਣਪਛਾਤੇ ਮੁਲਜ਼ਮਾਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਤਸਵੀਰਾਂ ਦਾ ਮਿਲਾਨ ਕਰਨ ਦੇ ਨਿਦਰੇਸ਼ ਦੇਣ ਦੀ ਬੇਨਤੀ ਕੀਤੀ ਸੀ। -ਪੀਟੀਆਈ