ਨਵੀਂ ਦਿੱਲੀ/ਲਖਨਊ, 14 ਫਰਵਰੀ
ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਵਿਭਾਕਰ ਸ਼ਾਸਤਰੀ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਵਿਭਾਕਰ ਸ਼ਾਸਤਰੀ ਅੱਜ ਲਖਨਊ ਵਿੱਚ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੀ ਹਾਜ਼ਰੀ ਵਿੱਚ ਪਾਰਟੀ ’ਚ ਸ਼ਾਮਲ ਹੋਏ।
‘ਐਕਸ’ ’ਤੇ ਪਾਈ ਇਕ ਪੋਸਟ ਵਿੱਚ ਸ਼ਾਸਤਰੀ ਨੇ ਕਿਹਾ, ‘‘ਮਾਣਯੋਗ ਕਾਂਗਰਸ ਪ੍ਰਧਾਨ ਸ੍ਰੀ ਖੜਗੇ ਜੀ। ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਵਿਭਾਕਰ ਸ਼ਾਸਤਰੀ।’’ ਵਿਭਾਕਰ ਸ਼ਾਸਤਰੀ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਪੋਤੇ ਅਤੇ ਹਰੀ ਕ੍ਰਿਸ਼ਨ ਸ਼ਾਸਤਰੀ ਦੇ ਪੁੱਤਰ ਹਨ, ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀ ਫ਼ਤਹਿਪੁਰ ਸੀਟ ਤੋਂ ਚੋਣ ਲੜੀ ਸੀ।
ਇਸ ਮੌਕੇ ਗੱਲਬਾਤ ਦੌਰਾਨ ਵਿਭਾਕਰ ਸ਼ਾਸਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਸਬਕਾ ਸਾਥ ਸਬਕਾ ਵਿਕਾਸ’ ਨਾਅਰਾ ਅਤੇ ਕੇਂਦਰ ਤੇ ਸੂਬਿਆਂ ਵਿਚਲੀਆਂ ਭਾਜਪਾ ਸਰਕਾਰਾਂ ਦਾ ਮਾਰਗਦਰਸ਼ਨ ਵਾਲਾ ਸੁਭਾਅ ਹਰੇਕ ਵਿਅਕਤੀ ਨੂੰ ਆਪਣੇ ਵੱਲ ਖਿੱਚ ਰਿਹਾ ਹੈ।
ਪਿਛਲੇ ਕੁਝ ਸਾਲਾਂ ਵਿੱਚ ਕਈ ਵੱਡੇ ਆਗੂ ਜਿਵੇਂ ਕਿ ਅਸ਼ੋਕ ਚਵਾਨ, ਮਿਲਿੰਦ ਦਿਉੜਾ, ਬਾਬਾ ਸਿੱਦੀਕੀ, ਜਯੋਤਿਰਾਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ, ਪ੍ਰਿਯੰਕਾ ਚਤੁਰਵੇਦੀ, ਸੁਸ਼ਮਿਤਾ ਦੇਵ, ਆਰ.ਪੀ.ਐੱਨ. ਸਿੰਘ ਅਤੇ ਜੈਵੀਰ ਸ਼ੇਰਗਿੱਲ ਆਦਿ ਕਾਂਗਰਸ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ।
ਪਾਠਕ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਾਸਤਰੀ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਸਮਾਜਿਕ ਕਾਰਕੁਨਾਂ ਲਈ ਸਵਾਗਤੀ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਵਿਭਾਕਰ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਤੋਂ ਹਨ ਤਾਂ ਸੁਭਾਵਿਕ ਹੈ ਕਿ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਫਾਇਦਾ ਹੋਵੇਗਾ।
ਵਿਭਾਕਰ ਸ਼ਾਸਤਰੀ ਦੇ ਭਰਾ ਸਿਧਾਰਥ ਨਾਥ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕੀਤਾ। ਸਿਧਾਰਥ ਨਾਥ ਸਿੰਘ ਇਸ ਵੇਲੇ ਅਲਾਹਾਬਾਦ ਪੱਛਮੀ ਸੀਟ ਤੋਂ ਭਾਜਪਾ ਵਿਧਾਇਕ ਹਨ। -ਪੀਟੀਆਈ