ਕੋਲਕਾਤਾ, 21 ਮਾਰਚ
ਤ੍ਰਿਣਮੂਲ ਕਾਂਗਰਸ ਵੱਲੋਂ ਉਮੀਦਵਾਰ ਸ਼ਤਰੂਘਨ ਸਿਨਹਾ ਤੇ ਬਾਬੁਲ ਸੁਪ੍ਰਿਓ ਨੇ ਪੱਛਮੀ ਬੰਗਾਲ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੀ ਇੱਕ-ਇੱਕ ਸੀਟ ’ਤੇ 12 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਸਿਨਹਾ ਨੂੰ ਅਸਨਸੋਲ ਲੋਕ ਸਭਾ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦਕਿ ਬਾਬੁਲ ਸੁਪ੍ਰਿਓ ਨੂੰ ਬਾਲੀਗੰਜ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਆਸਨਸੋਲ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ ਇਸ ਕਰਕੇ ਹੋ ਰਹੀ ਹੈ ਕਿਉਂਕਿ ਬਾਬੁਲ ਸੁਪ੍ਰਿਓ ਨੇ ਪਿਛਲੇ ਵਰ੍ਹੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਉਥੋਂ ਭਾਜਪਾ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਬਾਲੀਗੰਜ ਵਿਧਾਨ ਸਭਾ ਸੀਟ ਨਵੰਬਰ 2021 ਵਿੱਚ ਤ੍ਰਿਣਮੁੂਲ ਕਾਂਗਰਸ ਵਿਧਾਇਕ ਅਤੇ ਸੂਬਾ ਸਰਕਾਰ ਵਿੱਚ ਮੰਤਰੀ ਸੁਬਰਤਾ ਮੁਖਰਜੀ ਦੇ ਦੇਹਾਂਤ ਕਾਰਨ ਖਾਲੀ ਹੋ ਗਈ ਸੀ। ਆਸਨਸੋਲ ਲੋਕ ਸਭਾ ਸੀਟ ਅਤੇ ਬਾਲੀਗੰਜ ਵਿਧਾਨ ਸਭਾ ਸੀਟ ਲਈ ਪੈਣ ਵਾਲੀਆਂ ਵੋਟਾਂ ਦੀ ਗਿਣਤੀ 16 ਅਪਰੈਲ ਨੂੰ ਹੋਵੇਗੀ। -ਪੀਟੀਆਈ