ਮੁੰਬਈ, 19 ਜੁਲਾਈ
ਮੁੰਬਈ ਪੁਲੀਸ ਨੇ ਸੋਮਵਾਰ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕਥਿਤ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਕੁਝ ਐਪਸ ’ਤੇ ਪਬਲਿਸ਼ ਕਰਨ ਸਬੰਧੀ ਇੱਕ ਕੇਸ ’ਚ ਗ੍ਰਿਫ਼ਤਾਰ ਕੀਤਾ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਜ ਕੁੰਦਰਾ, ਜੋ ਕਿ ਇਸ ਕੇਸ ਵਿੱਚ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ, ਨੂੰ ਅਪਰਾਧ ਸ਼ਾਖਾ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਇਸ ਮਾਮਲੇ ਸਬੰਧੀ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਇਸ ਵਰ੍ਹੇ ਫਰਵਰੀ ਮਹੀਨੇ ਕੇਸ ਦਰਜ ਕੀਤਾ ਸੀ। ਇੱਕ ਬਿਆਨ ’ਚ ਮੁੰਬਈ ਪੁਲੀਸ ਕਮਿਸ਼ਨਰ ਨੇ ਕਿਹਾ, ‘ਅਸੀਂ ਰਾਜ ਕੁੰਦਰਾ ਨੂੰ ਇਸ ਕੇਸ ’ਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਡੇ ਕੋਲ ਇਸ ਸਬੰਧ ’ਚ ਢੁਕਵੇਂ ਸਬੂਤ ਹਨ।’ ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਇਸ ਸਬੰਧੀ ਕੇਸ ਦਰਜ ਕੀਤੇ ਜਾਣ ਮਗਰੋਂ ਰਾਜ ਕੁੰਦਰਾ ਨੇ ਇਸ ਮਾਮਲੇ ’ਚ ਆਪਣੀ ਸ਼ਮੂਲੀਅਤ ਦਾ ਖੰਡਨ ਕਰਦਿਆਂ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। -ਪੀਟੀਆਈ