ਮੁੰਬਈ, 26 ਦਸੰਬਰ
ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਵਿਚ ਕਿਹਾ ਹੈ ਕਿ ਕਾਂਗਰਸ ਜੋ ਕਿ ਕੌਮੀ ਪੱਧਰ ’ਤੇ ਮੁੱਖ ਵਿਰੋਧੀ ਧਿਰ ਹੈ, ‘ਟੁੱਟ-ਭੱਜ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਗਈ ਹੈ।’ ਇਸ ਲਈ ਸ਼ਿਵ ਸੈਨਾ ਸਣੇ ਸਾਰੀਆਂ ਭਾਜਪਾ ਵਿਰੋਧੀ ਧਿਰਾਂ ਨੂੰ ਹੁਣ ਯੂਪੀਏ ਗੱਠਜੋੜ ਹੇਠ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਤਾਕਤਵਰ ਬਦਲ ਦਿੱਤਾ ਜਾ ਸਕੇ। ਲੇਖ ਵਿਚ ਕਿਹਾ ਗਿਆ ਹੈ ਕਿ ਕੇਂਦਰ ਵਿਚ ਸੱਤਾ ਉਤੇ ਕਾਬਜ਼ ਕਿਸਾਨ ਸੰਘਰਸ਼ ਦੀ ਅਣਦੇਖੀ ਕਰ ਰਹੇ ਹਨ, ਅਤੇ ਵਿਰੋਧੀ ਧਿਰ ਦਾ ‘ਪ੍ਰਭਾਵਹੀਣ’ ਹੋਣਾ ਵੀ ਇਸ ਦਾ ਇਕ ਮੁੱਖ ਕਾਰਨ ਹੈ। ‘ਸਾਮਨਾ’ ਮੁਤਾਬਕ ਕੇਂਦਰ ਸਰਕਾਰ ਨੂੰ ਦੋਸ਼ ਦੇਣ ਦੀ ਬਜਾਏ, ਮੁੱਖ ਵਿਰੋਧੀ ਧਿਰ ਨੂੰ ਅਗਵਾਈ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਦੇਣ ਦੀ ਲੋੜ ਹੈ। ਸੈਨਾ ਮੁਤਾਬਕ ਕਮਜ਼ੋਰ ਵਿਰੋਧੀ ਧਿਰ ਕਾਰਨ ਲੋਕਤੰਤਰ ਵੀ ਟੁੱਟ-ਭੱਜ ਦਾ ਸ਼ਿਕਾਰ ਹੋ ਰਿਹਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਨੂੰ ਮੰਥਨ ਦੀ ਲੋੜ ਹੈ, ਵਿਰੋਧੀ ਧਿਰ ਦਾ ਲੋਕਾਂ ਵਿਚ ਇਕ ਪ੍ਰਭਾਵ ਹੋਣਾ ਚਾਹੀਦਾ ਹੈ। ‘ਸਾਮਨਾ’ ਦੇ ਲੇਖ ਮੁਤਾਬਕ ‘ਰਾਹੁਲ ਗਾਂਧੀ ਨਿੱਜੀ ਤੌਰ ’ਤੇ ਤਕੜਾ ਮੁਕਾਬਲਾ ਦੇ ਰਹੇ ਹਨ, ਪਰ ਕਿਸੇ ਨਾ ਕਿਸੇ ਚੀਜ਼ ਦੀ ਕਮੀ ਹੈ। ਕਾਂਗਰਸ ਦੀ ਅਗਵਾਈ ਵਾਲੇ ਮੌਜੂਦਾ ਯੂਪੀਏ ਦੀ ਹਾਲਤ ਕਿਸੇ ਐਨਜੀਓ (ਗ਼ੈਰ ਸਰਕਾਰੀ ਸੰਗਠਨ) ਵਰਗੀ ਹੋ ਗਈ ਹੈ।’ ਮਰਾਠੀ ਰੋਜ਼ਾਨਾ ਮੁਤਾਬਕ ਯੂਪੀਏ ਦੇ ਭਾਈਵਾਲ ਵੀ ਕਿਸਾਨਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਨ੍ਹਾਂ ਦੇ ਰੁਖ਼ ਬਾਰੇ ਕੁਝ ਸਪੱਸ਼ਟ ਨਹੀਂ ਹੈ। ਐਨਸੀਪੀ ਮੁਖੀ ਸ਼ਰਦ ਪਵਾਰ ਕੌਮੀ ਪੱਧਰ ਉਤੇ ਆਵਾਜ਼ ਬੁਲੰਦ ਕਰ ਰਹੇ ਹਨ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਇਕੱਲੇ ਲੜ ਰਹੀ ਹੈ। ਦੇਸ਼ ਦੀ ਮੁੱਖ ਵਿਰੋਧੀ ਧਿਰ ਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਮਮਤਾ ਨੇ ਸਿਰਫ਼ ਪਵਾਰ ਨੂੰ ਸੱਦਾ ਦਿੱਤਾ ਹੈ ਤੇ ਉਹ ਬੰਗਾਲ ਜਾ ਰਹੇ ਹਨ। -ਪੀਟੀਆਈ