ਮੁੰਬਈ, 4 ਮਈ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਲਾਊਡਸਪੀਕਰਾਂ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕੋਈ ਅਵੱਗਿਆ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੂੰ ਕਿਸੇ ਤੋਂ ਹਿੰਦੂਤਵ ਦਾ ਸਬਕ ਲੈਣ ਦੀ ਲੋੜ ਨਹੀਂ ਹੈ। ਭਾਜਪਾ ਤੇ ਐੱਮਐੱਨਐੱਸ ਦੇ ਅਸਿੱਧੇ ਹਵਾਲੇ ਨਾਲ ਰਾਊਤ ਨੇ ਕਿਹਾ ਕਿ ਲੋਕ ਅਜਿਹੇ ਲੋਕਾਂ ਵੱਲ ਧਿਆਨ ਨਹੀਂ ਦਿੰਦੇ ਜੋ ‘ਫ਼ਰਜ਼ੀ ਹਿੰਦੂਤਵਵਾਦੀਆਂ’ ਦੀ ਹਮਾਇਤ ਨਾਲ ਸ਼ਿਵ ਸੈਨਾ ਖਿਲਾਫ਼ ਸਾਜ਼ਿਸ਼ਾਂ ਘੜ ਰਹੇ ਹਨ। ਰਾਊਤ ਨੇ ਕਿਹਾ, ‘‘ਮਹਾਰਾਸ਼ਟਰ ਵਿੱਚ ਲਾਊਡਸਪੀਕਰਾਂ (ਦਿਸ਼ਾ-ਨਿਰਦੇਸ਼) ਨੂੰ ਲੈ ਕੇ ਕੋਈ ਉਲੰਘਣਾ ਨਹੀਂ ਹੋਈ। ਸੂਬਾ ਸਰਕਾਰ ਸੁਪਰੀਮ ਕੋਰਟ ਵੱਲੋਂ ਲਾਊਡਸਪੀਕਰਾਂ ਨੂੰ ਲੈ ਕੇ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਕੰਮ ਕਰ ਰਹੀ ਹੈ। ਜੇਕਰ ਕੋਈ ਕਾਨੂੰਨ ਦੀ ਅਵੱਗਿਆ ਕਰਦਾ ਹੈ ਤਾਂ ਸਰਕਾਰ ਉਸ ਨਾਲ ਨਜਿੱਠਣ ਦੇ ਸਮਰੱਥ ਹੈ।’’ ਰਾਊਤ ਨੇ ਕਿਹਾ, ‘‘ਹਾਲਾਤ ਅਜੇ ਉਸ ਪੱਧਰ ’ਤੇ ਨਹੀਂ ਪੁੱਜੇ, ਜਿੱਥੇ (ਲਾਊਡਸਪੀਕਰ ਦੇ ਮੁੱਦੇ ’ਤੇ) ਮੁੰਬਈ ਜਾਂ ਮਹਾਰਾਸ਼ਟਰ ਵਿੱਚ ਅੰਦੋਲਨ ਦੀ ਲੋੜ ਹੈ।’’
ਐੱਮਐੱਨਐੱਸ ਮੁਖੀ ਵੱਲੋਂ ਸ਼ਿਵ ਸੈਨਾ ਦੇ ਬਾਨੀ ਬਾਲ ਠਾਕਰੇ ਦੀ ਟਵਿੱਟਰ ’ਤੇ ਸਾਂਝੀ ਕੀਤੀ ਪੁਰਾਣੀ ਵੀਡੀਓ, ਜਿਸ ਵਿੱਚ ਉਹ ਕਹਿੰਦੇ ਸੁਣਦੇ ਹਨ ਕਿ ਜਿਸ ਦਿਨ ਸ਼ਿਵ ਸੈਨਾ ਸੱਤਾ ਵਿੱਚ ਆਈ ਸੜਕਾਂ ’ਤੇ ਨਮਾਜ਼ ਅਦਾ ਕਰਨ ਦੇ ਅਮਲ ਨੂੰ ਬੰਦ ਕੀਤਾ ਜਾਵੇਗਾ ਤੇ ਮਸਜਿਦਾਂ ’ਚ ਲੱਗੇ ਲਾਊਡਸਪੀਕਰ ਹਟਾਏ ਜਾਣਗੇ, ਬਾਰੇ ਪੁੱਛੇ ਜਾਣ ’ਤੇ ਰਾਊਤ ਨੇ ਕਿਹਾ, ‘‘ਅਸੀਂ ਇੰਨੇ ਹੇਠਾਂ ਨਹੀਂ ਡਿੱਗ ਸਕਦੇ। ਅਸੀਂ ਅਜੇ ਵੀ ਆਪਣੇ ਸਿਧਾਂਤਾਂ ’ਤੇ ਚੱਲਦੇ ਹਾਂ। ਬਾਲਾਸਾਹਿਬ ਨੇ ਲਾਊਡਸਪੀਕਰਾਂ ਤੇ ਸੜਕਾਂ ਉੱਤੇ ਨਮਾਜ਼ ਅਦਾ ਕਰਨ ਨੂੰ ਲੈ ਕੇ ਸਟੈਂਡ ਲਿਆ ਸੀ। ਉਨ੍ਹਾਂ ਸੱਤਾ ਵਿੱਚ ਆਉਣ ਮਗਰੋਂ ਇਸ ਨੂੰ ਖ਼ਤਮ ਕੀਤਾ ਸੀ। ਕਿਸੇ ਨੂੰ ਵੀ ਸ਼ਿਵ ਸੈਨਾ ਨੂੰ ਹਿੰਦੂਤਵ ਦਾ ਪਾਠ ਨਹੀਂ ਪੜ੍ਹਾਉਣਾ ਚਾਹੀਦਾ।’’ -ਪੀਟੀਆਈ