ਮੁੰਬਈ, 19 ਸਤੰਬਰ
ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਸ਼ਿਵ ਸੈਨਾ ਨੇ ਸੰਸਦ ਮੈਂਬਰ ਸੰਜੈ ਰਾਊਤ ਦੀ ਨਿਆਂਇਕ ਹਿਰਾਸਤ 14 ਦਿਨ ਵਧਾ ਦਿੱਤੀ। ਅਦਾਲਤ ਨੇ ਇੱਕ ਸਪਲੀਮੈਂਟਰੀ ਦੋਸ਼ ਪੱਤਰ ਦਾ ਨੋਟਿਸ ਲਿਆ ਜਿਸ ਵਿੱਚ ਰਾਊਤ ਦਾ ਨਾਮ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਦੇ ਗੋਰੇਗਾਉਂ ਇਲਾਕੇ ਵਿੱਚ ‘ਪਾਤਰਾ ਚੌਲ’ ਦੇ ਪੁਨਰ ਵਿਕਾਸ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੇ ਸਬੰਧ ਵਿੱਚ ਰਾਜ ਸਭਾ ਮੈਂਬਰ ਸੰਜੈ ਰਾਊਤ ਨੂੰ 1 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਪਿਛਲੇ ਹਫ਼ਤੇ ਹੀ ਦੋਸ਼ ਪੱਤਰ ਦਾਖਲ ਕੀਤਾ ਸੀ ਜਿਸ ਵਿੱਚ ਸੰਜੈ ਰਾਊਤ ਨੂੰ ਮੁਲ਼ਜ਼ਮ ਬਣਾਇਆ ਗਿਆ ਹੈ। ਰਾਊਤ ਨੇ ਜ਼ਮਾਨਤ ਲਈ ਕਾਲਾ ਧਨ ਰੋਕੂ ਕਾਨੂੰਨ (ਪੀਐੱਮਐੱਲਏ) ਸਬੰਧੀ ਅਦਾਲਤ ਦਾ ਰੁਖ ਕੀਤਾ ਸੀ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 21 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਅਦਾਲਤ ਨੇ ਇਸਤਗਾਸਾ ਧਿਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਸ਼ਿਵ ਸੈਨਾ ਨੇਤਾ ਰਾਊਤ ਦੇ ਸਹਿਯੋਗੀ ਪ੍ਰਵੀਨ ਰਾਊਤ ਸਣੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤਾ ਹੈ। -ਪੀਟੀਆਈ