ਹੂਗਲੀ, 2 ਮਾਰਚ
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੂੰ ਝਟਕਾ ਦਿੰਦਿਆਂ ਵਿਧਾਇਕ ਜਿਤੇਂਦਰ ਤਿਵਾੜੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਤਿਵਾੜੀ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਪਾਂਡਵੇਸ਼ਵਰ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਹਨ। ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਹੂਗਲੀ ਜ਼ਿਲ੍ਹੇ ਦੇ ਸ੍ਰੀਰਾਮਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਤਿਵਾੜੀ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਆਸਨਸੋਲ ਨਗਰ ਨਿਗਮ ਦੇ ਸਾਬਕਾ ਮੇਅਰ ਤਿਵਾੜੀ ਨੇ ਪਿਛਲੇ ਸਾਲ ਦਸੰਬਰ ਵਿੱਚ ਟੀਐੱਮਸੀ ਲੀਡਰਸ਼ਿਪ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ, ਪਰ ਭਾਜਪਾ ਨੇ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸਾਰਦਾ ਘੁਟਾਲਾ: ਈਡੀ ਵੱਲੋਂ ਟੀਐੱਮਸੀ ਬੁਲਾਰੇ ਕੁਣਾਲ ਘੋਸ਼ ਤੋਂ ਪੁੱਛਗਿੱਛ
ਕੋਲਕਾਤਾ: ਈਡੀ ਨੇ ਕਰੋੜਾਂ ਰੁਪਏ ਦੇ ਸਾਰਦਾ ਚਿੱਟਫੰਡ ਘੁਟਾਲੇ ਦੀ ਜਾਂਚ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਤੋਂ ਛੇ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਦੇ ਸਾਬਕਾ ਮੈਂਬਰ ਨੂੰ ਅੱਠ ਮਾਰਚ ਨੂੰ ਈਡੀ ਅਧਿਕਾਰੀਆਂ ਸਾਹਮਣੇ ਮੁੜ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੇਂਦਰੀ ਜਾਂਚ ਏਜੰਸੀ ਚਿੱਟਫੰਡ ਘੁਟਾਲੇ ਵਿੱਚ ਕਾਲੀ ਕਮਾਈ ਚਿੱਟੀ ਕਰਨ ਦੇ ਪਹਿਲੂ ਤੋਂ ਜਾਂਚ ਕਰ ਰਹੀ ਹੈ। -ਪੀਟੀਆਈ