ਕੋਲਕਾਤਾ, 13 ਮਾਰਚ
ਭਾਰਤੀ ਜਨਤਾ ਪਾਰਟੀ ਤੋਂ ਤ੍ਰਿਣਮੂਲ ਕਾਂਗਰਸ ’ਚ ਆਉਣ ਤੋਂ ਕੁਝ ਦਿਨ ਬਾਅਦ ਸੀਨੀਅਰ ਆਗੂ ਜੌਇ ਪ੍ਰਕਾਸ਼ ਮਜੂਮਦਾਰ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਸੀਟ ’ਤੇ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਨੰਦੀਗ੍ਰਾਮ ਤੋਂ ਨਿਰਪੱਖ ਢੰਗ ਨਾਲ ਜਿੱਤ ਹਾਸਲ ਨਹੀਂ ਕੀਤੀ ਸੀ। ਮਜੂਮਦਾਰ ਨੂੰ ਜਨਵਰੀ ਦੇ ਆਖਰੀ ਹਫ਼ਤੇ ’ਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਭਾਜਪਾ ’ਚੋਂ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਨੂੰ ਸ਼ੁਰੂਆਤ ’ਚ ਪੂਰਬੀ ਮੇਦਨੀਪੁਰ ਚੋਣ ਹਲਕੇ ਤੋਂ ਜੇਤੂ ਐਲਾਨਿਆ ਜਾ ਰਿਹਾ ਸੀ ਪਰ ਕੁਝ ਹੀ ਘੰਟੇ ਬਾਅਦ ਅਧਿਕਾਰੀ ਨੇ ਇਹ ਸੀਟ ਕਿਵੇਂ ਜਿੱਤੀ, ਇਹ ਹੈਰਾਨ ਕਰਨ ਵਾਲਾ ਸੀ। ਤ੍ਰਿਣਮੂਲ ਕਾਂਗਰਸ ਦੇ ਨਵੇਂ ਨਿਯੁਕਤ ਉਪ ਪ੍ਰਧਾਨ, ਕਿਸੇ ਸਮੇਂ ਮਮਤਾ ਬੈਨਰਜੀ ਦੇ ਕੱਟੜ ਆਲੋਚਕ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਯਾਦ ਹੈ ਕਿ ਸ਼ੁਵੇਂਦੂ ਨੇ 2 ਮਈ ਦੀ ਰਾਤ ਕਿਹਾ ਸੀ ਕਿ ਨੰਦੀਗ੍ਰਾਮ ਜਿੱਤਣ ਲਈ ਉਨ੍ਹਾਂ ਨੂੰ ਹਰ ਹਥਕੰਡਾ ਅਪਣਾਉਣਾ ਪਵੇਗਾ।’ ਮਜੂਮਦਾਰ ਨੇ ਕਿਹਾ, ‘ਨੰਦੀਗ੍ਰਾਮ ’ਚ ਵੋਟਾਂ ਦੀ ਗਿਣਤੀ ਪਾਰਦਰਸ਼ੀ ਨਹੀਂ ਸੀ। ਹੱਥ ਦੀ ਸਫ਼ਾਈ ਨਾਲ ਸ਼ੁਵੇਂਦੂ ਨੇ ਅਚਾਨਕ ਮਮਤਾ ਬੈਨਰਜੀ ਨੂੰ ਪਛਾੜ ਦਿੱਤਾ ਜਿਨ੍ਹਾਂ ਨੂੰ ਸ਼ੁਰੂ ’ਚ ਜੇਤੂ ਐਲਾਨਿਆ ਗਿਆ ਸੀ।’ ਰਾਜ ਦੇ ਸਾਬਕਾ ਮੰਤਰੀ ਰਾਜੀਵ ਬੰਦੋਪਾਧਿਆਏ ਨੇ ਕਿਹਾ ਕਿ ਮਜੂਮਦਾਰ ਦੇ ਦਾਅਵੇ ਸੱਚ ਹਨ। -ਪੀਟੀਆਈ