ਕੌਂਟਾਈ (ਪੱਛਮੀ ਬੰਗਾਲ), 1 ਜਨਵਰੀ
ਭਾਜਪਾ ਦੇ ਸੀਨੀਅਰ ਆਗੂ ਸ਼ੁਵੇਂਦੂ ਅਧਿਕਾਰੀ ਦਾ ਛੋਟਾ ਭਰਾ ਸ਼ੋਮੇਂਦੂ ਅਧਿਕਾਰੀ ਅਤੇ ਕੌਂਟਾਈ ਮਿਉਂਸਿਪੈਲਿਟੀ ਦੇ 20 ਮੈਂਬਰਾਂ ’ਚੋਂ ਤ੍ਰਿਣਮੂਲ ਕਾਂਗਰਸ ਦੇ 15 ਕੌਂਸਲਰ ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਇਥੇ ਇਕ ਪ੍ਰੋਗਰਾਮ ਦੌਰਾਨ ਸ਼ੁਵੇਂਦੂ ਨੇ ਕੌਂਸਲਰਾਂ ਨੂੰ ਪਾਰਟੀ ਦੇ ਝੰਡੇ ਸੌਂਪੇ। ਸ਼ੋਮੇਂਦੂ ਨੂੰ ਹੁਣੇ ਜਿਹੇ ਨਗਰ ਕੌਂਸਲ ਦੇ ਪ੍ਰਸ਼ਾਸਕ ਅਹੁਦੇ ਤੋਂ ਮਮਤਾ ਬੈਨਰਜੀ ਸਰਕਾਰ ਨੇ ਹਟਾ ਦਿੱਤਾ ਸੀ। ਸਾਬਕਾ ਮੰਤਰੀ ਸ਼ੁਵੇਂਦੂ ਨੇ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਮਿਉਂਸਿਪਲ ਚੋਣਾਂ ਕਰਾਉਣ ਤੋਂ ਪਾਸਾ ਵੱਟ ਰਹੀ ਹੈ ਕਿਉਂਕਿ ਉਹ ਹਾਰ ਤੋਂ ਘਬਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਭਾਜਪਾ ਨੂੰ ਜਿਤਾਉਣਗੇ। -ਪੀਟੀਆਈ