ਜੰਮੂ, 3 ਨਵੰਬਰ
ਪੀਡੀਪੀ ਦਫ਼ਤਰ ਉੱਪਰ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਕਾਰਕੁਨ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਤਿਰੰਗੇ ਬਾਰੇ ਮਹਬਿੂਬਾ ਮੁਫਤੀ ਵੱਲੋਂ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਉਸ ਨੇ ਪੀਡੀਪੀ ਦਫ਼ਤਰ ’ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। 24 ਅਕਤੂਬਰ ਨੂੰ ਅਮਨਦੀਪ ਸਿੰਘ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਦਫ਼ਤਰ ਦੇ ਮੁੱਖ ਦਰਵਾਜ਼ੇ ਦੇ ਨੇੜੇ ਬਾਹਰਲੀ ਦੀਵਾਰ ਉੱਤੇ ਕੌਮੀ ਝੰਡਾ ਲਹਿਰਾਇਆ ਸੀ ਅਤੇ ਇੱਕ ਦਿਨ ਬਾਅਦ, ਉਸਨੇ ਕੁਝ ਨੌਜਵਾਨਾਂ ਨਾਲ ਪਾਰਟੀ ਦੇ ਮੁੱਖ ਦਫਤਰ ’ਤੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲੀਸ ਨੇ ਉਸ ਨੂੰ ਰੋਕ ਦਿੱਤਾ ਸੀ। ਐਸਐਸਪੀ ਜੰਮੂ ਸ੍ਰੀਧਰ ਪਾਟਿਲ ਨੇ ਅਮਨਦੀਪ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਕਾਨੂੰਨ ਵਿਵਸਥਾ ਖ਼ਰਾਬ ਕਰਨ ਲਈ ਨਹੀਂ ਸਗੋਂ ਕਿਸੇ ਹੋਰ ਕੇਸ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਜਦੋਂ ਅਮਨਦੀਪ ਨੂੰ ਵਾਹਨ ਵਿੱਚ ਉਥੋਂ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਨੇ ਪੀਡੀਪੀ ਦੇ ਦਬਾਅ ਹੇਠ ਉਸ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਦੀ ਟੀਮ ਨੇ ਸੰਜੇ ਨਗਰ ਸਥਿਤ ਊਸ ਦੇ ਘਰ ’ਤੇ ਛਾਪਾ ਮਾਰਿਆ ਤੇ ਉਸ ਨੂੰ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਆਪਣੇ ਨਾਲ ਲੈ ਗਈ। ਦੂਜੇ ਪਾਸੇ ਅਮਨਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। -ਪੀਟੀਆਈ