ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਪੰਜਾਬ ਐਂਡ ਸਿੰਧ ਬੈਂਕ (ਪੀਐੱਸਬੀ) ਦੇ ਐਮਡੀ ਅਤੇ ਸੀਈਓ ਵਜੋਂ ਸਵਰੂਪ ਕੁਮਾਰ ਸਾਹਾ ਦੀ ਨਿਯੁਕਤੀ ਉੱਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਮੰਗ ਕੀਤੀ ਹੈ ਕਿ ਸਰਕਾਰ ਦੀ ਸਹਿਮਤੀ ਅਨੁਸਾਰ ਕਿਸੇ ਸਿੱਖ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਪਰੈਲ 1980 ਦੌਰਾਨ ਰਾਸ਼ਟਰੀਕਰਨ ਤੋਂ ਬਾਅਦ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਪੀਐੱਸਬੀ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸਿੱਖ ਹੋਣਗੇ। ਸ੍ਰੀ ਸਾਹਨੀ ਨੇ ਕਿਹਾ ਕਿ ਡਾ. ਇੰਦਰਜੀਤ ਸਿੰਘ ਵੱਲੋਂ ਪੀਐੱਸਬੀ ਦੀ ਕਮਾਨ ਸੰਭਾਲਣ ਤੋਂ ਬਾਅਦ ਬੈਂਕ ਦਾ ਦੇਸ਼ ਭਰ ਵਿੱਚ ਪ੍ਰਭਾਵ ਵਧਿਆ ਤੇ ਸਿੱਖ ਨੌਜਵਾਨਾਂ ਨੂੰ ਨੌਕਰੀਆਂ ਲਈ ਤਰਜੀਹ ਦਿੱਤੀ ਗਈ। ਪਰ ਰਾਸ਼ਟਰੀਕਰਨ ਤੋਂ ਬਾਅਦ ਦੀ ਭਰਤੀ, ਬੈਂਕਿੰਗ ਭਰਤੀ ਬੋਰਡ ਦੁਆਰਾ ਕੀਤੀ ਗਈ ਸੀ ਨਤੀਜੇ ਵਜੋਂ ਗ਼ੈਰ-ਪੰਜਾਬੀਆਂ ਨੂੰ ਜ਼ਿਆਦਾਤਰ ਨਵੀਆਂ ਨੌਕਰੀਆਂ ਮਿਲੀਆਂ। ਸ੍ਰੀ ਸਾਹਨੀ ਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ ਕਿ ਰਾਸ਼ਟਰੀਕਰਨ ਦੇ ਸਮੇਂ ਸਰਕਾਰ ਵੱਲੋਂ ਕੀਤੀ ਵਚਨਬੱਧਤਾ ਦੇ ਮੱਦੇਨਜ਼ਰ ਸਿੱਖ ਵਿਅਕਤੀ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਜਾਵੇ।