ਗੰਗਟੋਕ, 8 ਅਕਤੁੂਬਰ
ਸਿੱਕਮ ਵਿੱਚ ਬੁੱਧਵਾਰ ਨੂੰ ਬਦਲ ਫਟਣ ਕਰਕੇ ਤੀਸਤਾ ਨਦੀ ਵਿਚ ਅਚਾਨਕ ਆਏ ਹੜ੍ਹਾਂ ਕਰਕੇ ਮਚੀ ਤਬਾਹੀ ਮਗਰੋਂ ਹੁਣ ਤੱਕ ਨੌਂ ਫੌਜੀ ਜਵਾਨਾਂ ਸਣੇ 32 ਵਿਅਕਤੀਆਂ ਦੀਆਂ ਲਾਸ਼ਾਂ ਗਾਰ ਤੇ ਮਲਬੇ ਵਿਚੋਂ ਬਰਾਮਦ ਕਰ ਲਈਆਂ ਗਈਆਂ ਹਨ। ਸੌ ਤੋਂ ਵਧ ਲੋਕ ਅਜੇ ਵੀ ਲਾਪਤਾ ਹਨ, ਜਨਿ੍ਹਾਂ ਦੀ ਭਾਲ ਜਾਰੀ ਹੈ। ਉਧਰ ਆਈਟੀਬੀਪੀ ਦੇ ਜਵਾਨਾਂ ਨੇ ਸੱਜਰੇ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਉੱਤਰੀ ਸਿੱਕਮ ਦੇ ਚੁੰਗਥਾਂਗ ਵਿਚੋਂ 56 ਵਿਅਕਤੀਆਂ ਨੂੰ ਬਚਾਇਆ ਹੈ। ਇਨ੍ਹਾਂ ਵਿਚ 52 ਪੁਰਸ਼ ਤੇ 4 ਮਹਿਲਾਵਾਂ ਹਨ। ਤੀਸਤਾ ਨਦੀ ਵਿਚ ਆਏ ਹੜ੍ਹ ਕਰਕੇ ਲਾਪਤਾ 100 ਤੋਂ ਵੱਧ ਵਿਅਕਤੀਆਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 32 ਲਾਸ਼ਾਂ ਬਰਾਮਦ ਹੋਈਆਂ ਹਨ। ਬੁੱਧਵਾਰ ਨੂੰ ਵੱਡੇ ਤੜਕੇ ਬੱਦਲ ਫਟਣ ਕਰਕੇ ਆਏ ਹੜ੍ਹ ਨਾਲ ਸੂਬੇ ਦੇ ਚਾਰ ਜ਼ਿਲ੍ਹਿਆਂ ਮੰਗਾਨ, ਗੰਗਟੋਕ, ਪਾਕਿਯੋਂਗ ਤੇ ਨਾਮਚੀ ਵਿਚ 41,870 ਲੋਕ ਅਸਰਅੰਦਾਜ਼ ਹੋਏ ਸਨ। ਲਾਪਤਾ ਦੀ ਭਾਲ ਲਈ ਵਿਸ਼ੇਸ਼ ਰਡਾਰ, ਡਰੋਨ ਤੇ ਫੌਜ ਦੇ ਸੂਹੀਆ ਕੁੱਤੇ ਤਾਇਨਾਤ ਕੀਤੇ ਗਏ ਹਨ। ਹੁਣ ਤੱਕ 2563 ਵਿਅਕਤੀਆਂ ਨੂੰ ਵੱਖ ਵੱਖ ਇਲਾਕਿਆਂ ’ਚੋਂ ਸੁਰੱਖਿਅਤ ਕੱਢਿਆ ਗਿਆ ਹੈ ਤੇ 6875 ਲੋਕਾਂ ਨੇ ਸੂਬੇ ਵਿਚ ਸਥਾਪਿਤ 30 ਰਾਹਤ ਕੈਂਪਾਂ ਵਿੱਚ ਪਨਾਹ ਲਈ ਹੈ। ਹੜ੍ਹਾਂ ਕਰਕੇ ਮਚੀ ਤਬਾਹੀ ਨਾਲ 1320 ਘਰ ਨੁਕਸਾਨੇ ਗਏ ਤੇ ਚਾਰ ਜ਼ਿਲ੍ਹਿਆਂ ਵਿਚਲੇ 13 ਪੁਲ ਰੁੜ ਗਏ। ਅਧਿਕਾਰੀਆਂ ਨੇ ਕਿਹਾ ਕਿ ਲਾਚੇਨ ਤੇ ਲਾਚੁੰਗ ਵਿਚ ਫਸੇ 3000 ਤੋਂ ਵੱਧ ਸੈਲਾਨੀ ਸੁਰੱਖਿਅਤ ਹਨ। -ਪੀਟੀਆਈ