ਸਿੰਗਾਪੁਰ: ਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਟਰਾਂਸਪੋਰਟ ਮੰਤਰੀ ਐੱਸ. ਈਸ਼ਵਰਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਅੱਜ ਆਪਣੀ ਇੱਕ ਸਾਲ ਦੀ ਸ਼ੁਰੂ ਕੀਤੀ ਹੈ। ਉਨ੍ਹਾਂ ਆਪਣੇ ਖ਼ਿਲਾਫ਼ ਸਾਬਤ ਹੋਏ ਦੋਸ਼ਾਂ ਨੂੰ ਚੁਣੌਤੀ ਨਹੀਂ ਦਿੱਤੀ ਤੇ ਦੇਸ਼ ਤੋਂ ਮੁਆਫੀ ਮੰਗੀ ਹੈ। ਈਸ਼ਵਰਨ (62) ਨੂੰ ਦੋ ਉਦਯੋਗਪਤੀਆਂ ਤੋਂ ਸੱਤ ਸਾਲਾਂ ਦੌਰਾਨ ਤਕਰੀਬਨ 3,13,200 ਡਾਲਰ ਦੇ ਗ਼ੈਰਕਾਨੂੰਨੀ ਤੋਹਫੇ ਹਾਸਲ ਕਰਨ ਤੇ ਨਿਆਂ ਦੇ ਰਾਹ ’ਚ ਅੜਿੱਕਾ ਪਾਉਣ ਦੇ ਮਾਮਲੇ ’ਚ ਪਿਛਲੇ ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸਾਬਕਾ ਮੰਤਰੀ ਨੇ ਇਸ ਤੋਂ ਪਹਿਲਾਂ ਅੱਜ ਫੇਸਬੁੱਕ ’ਤੇ ਕਿਹਾ ਕਿ ਉਹ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਨੂੰ ਚੁਣੌਤੀ ਨਹੀਂ ਦੇਣਗੇ। ਉਨ੍ਹਾਂ 24 ਸਤੰਬਰ ਨੂੰ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਈਸ਼ਵਰਨ ਨੇ ਕਿਹਾ, ‘ਮੈਂ ਸਵੀਕਾਰ ਕਰਦਾ ਹਾਂ ਕਿ ਇੱਕ ਮੰਤਰੀ ਵਜੋਂ ਮੈਂ ਜੋ ਕੀਤਾ ਉਹ ਧਾਰਾ 165 ਤਹਿਤ ਗਲਤ ਸੀ। ਮੈਂ ਆਪਣੇ ਕੰਮਾਂ ਲਈ ਪੂਜੀ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ ਅਤੇ ਸਾਰੇ ਸਿੰਗਾਪੁਰ ਵਾਸੀਆਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ।’ -ਪੀਟੀਆਈ