ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਦਸੰਬਰ
ਕੌਮਾਂਤਰੀ ਜੱਥੇਬੰਦੀ ਖ਼ਾਲਸਾ ਏਡ ਵੱਲੋਂ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਰਹਿਣ ਲਈ 400 ਦੇ ਕਰੀਬ ਬਿਸਤਰੇ ਇਕੋ ਥਾਂ ਲਾਏ ਗਏ ਹਨ ਤੇ ਨਾਲ ਹੀ ਰੋਜ਼ ਇਸਤੇਮਾਲ ਹੋਣ ਵਾਲਾ ਸਾਰਾ ਸਾਮਾਨ ਵੰਡਿਆ ਜਾ ਰਿਹਾ ਹੈ। ਕੌਮੀ ਮਾਰਗ-1 ਉਪਰ ਸੱਜੇ ਪਾਸੇ ਸਟਾਲ ਲਾਉਣ ਦੇ ਨਾਲ ਅੰਦਰ ਗਲੀ ਵਿੱਚ ਖੁੱਲ੍ਹੀ ਥਾਂ ਉਪਰ ਇਹ ਵੱਡ ਅਕਾਰੀ ਟੈਂਟ ਲਾਇਆ ਗਿਆ ਹੈ। ਇੱਥੇ ਹੀ ਕਿਸਾਨਾਂ ਦੇ ਨਾਲ ਆਈਆਂ ਬੀਬੀਆਂ ਲਈ ਰਹਿਣ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਪੱਗਾਂ ਵੀ ਦਿੱਤੀਆਂ ਜਾਂਦੀਆਂ ਹਨ। ਵੱਖਰੇ ਗੁਸਲਖ਼ਾਨੇ ਬਣਾਏ ਗਏ ਹਨ ਤੇ ਟੈਂਟ ਕੈਮਰਿਆਂ ਦੀ ਨਿਗਰਾਨੀ ਹੇਠ ਹੈ। ਸੰਸਥਾ ਵੱਲੋਂ ਪਹਿਲੀ ਦਸੰਬਰ ਤੋਂ ਇਹ ਟੈਂਟ ਗੱਡਿਆ ਗਿਆ ਸੀ। ਸੈਨੇਟਾਈਜ਼ਰ ਤੇ ਗੀਜ਼ਰ ਦੇ ਪ੍ਰਬੰਧ ਵੀ ਕੀਤੇ ਗਏ ਹਨ।