ਪ੍ਰਭੂ ਦਿਆਲ
ਸਿਰਸਾ, 18 ਜੁਲਾਈ
ਇਥੋਂ ਦੇ ਪਿੰਡ ਚੌਬੁਰਜਾ ਵਿਖੇ ਦਿੱਲੀ ਦੇ ਬਾਰਡਰਾਂ ’ਤੇ ਇਕ ਸਾਲ ਤੋਂ ਵੱਧ ਸਮੇਂ ਤੱਕ ਆਪਣੇ ਟਰੈਕਟਰ ਟਰਾਲੀਆ ਨਾਲ ਰਹੇ ਕਿਸਾਨਾਂ ਵੱਲੋਂ ਪਰਿਵਾਰਕ ਮਿਲਣ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਇਕ ਦਰਜਨ ਤੋਂ ਵੱਧ ਉਹ ਕਿਸਾਨ ਇਕੱਠੇ ਹੋਏ ਜਿਹੜੇ ਦਿੱਲੀ ਦੇ ਬਾਰਡਰਾਂ ’ਤੇ ਰਹਿੰਦਿਆਂ ਇੱਕ ਦੂਜੇ ਨਾਲ ਸਾਂਝ ਪਾਈ ਸੀ। ‘ਪਰਿਵਾਰਕ ਮਿਲਣੀ ਸਮਾਗਮ’ ਦੌਰਾਨ ਕਿਸਾਨਾਂ ਨੇ ਆਪਣੇ ਪਰਿਵਾਰਕ ਦੁੱਖ ਸੁੱਖ ਸਾਂਝਾ ਕਰਨ ਮਗਰੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਗਾਮੀ ਅੰਦੋਲਨ ’ਚ ਇਕੱਜੁਟ ਹੋ ਕੇ ਸ਼ਿਰਕਤ ਕਰਨ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੇ ਕਹਿਣ ’ਤੇ ਆਪਣੇ ਅੰਦੋਲਨ ਨੂੰ ਮੁਲਤਵੀ ਕੀਤਾ ਸੀ ਪਰ ਸਰਕਾਰ ਨੇ ਕਿਸਾਨ ਆਗੂਆਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 31 ਜੁਲਾਈ ਦੇ ਚਾਰ ਘੰਟਿਆਂ ਦੇ ਦਿੱਤੇ ਗਏ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ 22 ਜੁਲਾਈ ਨੂੰ ਸਿਰਸਾ ਸਥਿਤ ਜਾਟ ਧਰਮਸ਼ਾਲਾ ’ਚ ਕਿਸਾਨਾਂ ਦਾ ਇਕ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਅਗਲੀ ਰਣਨੀਤੀ ਬਣਾਈ ਜਾਵੇਗੀ। ਇਸ ਮੌਕੇ ਕਿਸਾਨ ਸਭਾ ਦੇ ਰਾਸ਼ਟਰੀ ਕੌਂਸਲ ਦੇ ਸਾਬਕਾ ਮੈਂਬਰ ਕਾ. ਸਵਰਨ ਸਿੰਘ ਵਿਰਕ, ਜ਼ਿਲ੍ਹਾ ਸਕੱਤਰ ਡਾ. ਸੁਖਦੇਵ ਸਿੰਘ ਜੰਮੂ, ਤਿਲਕ ਰਾਜ ਵਿਨਾਇਕ, ਭਜਨ ਲਾਲ ਬਾਜੇਕਾਂ, ਕਾ. ਬੂਟਾ ਸਿੰਘ, ਇਕਬਾਲ ਸਿੰਘ, ਸੀਪੀਆਈ ਜ਼ਿਲ੍ਹਾ ਸਕੱਤਰ ਕਾ. ਜਗਰੂਪ ਸਿੰਘ ਚੌਬੁਰਜਾ ਸਮੇਤ ਅਨੇਕ ਕਿਸਾਨ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੌਰਾਨ ਦਿੱਲੀ ਬਾਰਡਰਾਂ ’ਤੇ ਰਹੇ ਕਿਸਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਮੌਜੂਦ ਸਨ।